ਸ੍ਰੀ ਮੁਕਤਸਰ ਸਾਹਿਬ: ਕੋਟਕਪੂਰਾ-ਮੁਕਤਸਰ ਮੁੱਖ ਮਾਰਗ 'ਤੇ ਪਿੰਡ ਝਬੇਲਵਾਲੀ ਦੇ ਬਸ ਅੱਡੇ ਕੋਲ ਵਾਪਰੇ ਸੜਕ ਹਾਦਸੇ ਵਿੱਚ ਦੋ ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਕਾਰ ਵਿੱਚ ਸਵਾਰ ਮਹਿਲ ਤੇ ਬੱਚੇ ਸਮੇਤ ਤਿੰਨ ਜਣੇ ਜ਼ਖ਼ਮੀ ਵੀ ਹੋਏ ਹਨ। ਕਾਰ ਸਵਾਰ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਮਗਰੋਂ ਫ਼ਿਰੋਜ਼ਪੁਰ ਤੋਂ ਮਲੋਟ ਜਾ ਰਹੇ ਸਨ।

ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਮੁਕਤਸਰ ਮੇਨ ਰੋਡ 'ਤੇ ਪਿੰਡ ਝਬੇਲਵਾਲੀ ਦੇ ਬੱਸ ਅੱਡੇ ਕੋਲ ਟੋਇਟਾ ਇਟੀਓਸ ਕਾਰ (PB 30N 0131) ਬੇਕਾਬੂ ਹੋ ਕੇ ਸੜਕ ਕੰਢੇ ਲੱਗੇ ਦਰਖ਼ਤ ਨਾਲ ਟਕਰਾ ਗਈ। ਕਾਰ ਵਿੱਚ ਪੰਜ ਜਣੇ ਸਵਾਰ ਸਨ। ਇਨ੍ਹਾਂ ਵਿੱਚੋਂ ਦੋ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇੱਕ ਜੋੜਾ ਤੇ ਉਨ੍ਹਾਂ ਦੀ ਧੀ ਜ਼ਖ਼ਮੀ ਹੋ ਗਏ।

ਮ੍ਰਿਤਕਾਂ ਦੀ ਪਛਾਣ ਓਮ ਪ੍ਰਕਾਸ਼ ਤੇ ਹਰਬੰਸ ਲਾਲ ਵਜੋਂ ਹੋਈ ਹੈ, ਜਦਕਿ ਕਾਰ ਸਵਾਰ ਸਚਿਨ, ਪਤਨੀ ਨੀਰੂ ਜੋਤੀ ਤੇ ਸਾਢੇ ਤਿੰਨ ਸਾਲ ਦੀ ਬੱਚੀ ਫਰਿਸ਼ਤਾ ਜ਼ਖ਼ਮੀ ਹਨ। ਜ਼ਖ਼ਮੀਆਂ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ।