ਚੰਡੀਗੜ੍ਹ: 14 ਅਕਤੂਬਰ 2015 ਨੂੰ ਕੋਟਕਪੂਰਾ ’ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਿੱਚ ਧਰਨੇ 'ਤੇ ਬੈਠੇ ਸਿੱਖਾਂ ਨੂੰ ਹਟਾਉਣ ਲਈ ਹੋਈ ਕਾਰਵਾਈ 'ਚ ਪੁਲਿਸ ਦੀਆਂ ਨਾਅਹਿਲੀਅਤ ਦੇ ਪਰਤ ਦਰ ਪਰਤ ਖੁਲਾਸੇ ਹੋ ਰਹੇ ਹਨ। ਪਹਿਲਾਂ ਸਵੈ-ਰੱਖਿਆ ਦੇ ਸਬੂਤ ਤਿਆਰ ਕਰਨ ਲਈ ਐਸਐਸਪੀ ਦੀ ਐਸਕਾਰਟ ਜਿਪਸੀ 'ਤੇ ਫਾਇਰਿੰਗ ਕਰਨ ਦੇ ਖੁਲਾਸੇ ਮਗਰੋਂ ਹੁਣ ਪਤਾ ਲੱਗਾ ਹੈ ਕਿ ਪੁਲਿਸ ਨੇ ਸੀਸੀਟੀਵੀ ਅਤੇ ਵੀਡੀਓਗ੍ਰਾਫੀ ਨਾਲ ਛੇੜਛਾੜ ਕੀਤੀ ਸੀ। ਮਾਮਲਿਆਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਇਸ ਬਾਬਤ ਸਬੂਤ ਅਦਾਲਤ ਵਿੱਚ ਪੇਸ਼ ਕੀਤੇ ਹਨ। ਐਸਆਈਟੀ ਵੱਲੋਂ ਦਿੱਤੇ ਤਰਕ ਤੇ ਸਬੂਤਾਂ ਦੇ ਆਧਾਰ 'ਤੇ ਹੀ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦਾ ਰਿਮਾਂਡ ਵਧਿਆ ਹੈ।


ਇਹ ਵੀ ਪੜ੍ਹੋ- ਕੋਟਕਪੂਰਾ ਗੋਲ਼ੀਕਾਂਡ 'ਚ ਨਾਮਜ਼ਦ ਆਈਜੀ ਉਮਰਾਨੰਗਲ ਦਾ ਰਿਮਾਂਡ ਹੋਰ ਵਧਿਆ

ਸ਼ਨੀਰਵਾਰ ਨੂੰ ਫ਼ਰੀਦਕੋਟ ਦੇ ਜੁਡੀਸ਼ਲ ਮੈਜਿਸਟਰੇਟ ਸਨਮੁਖ ਐਸਆਈਟੀ ਨੇ ਭੇਤ ਖੋਲ੍ਹਿਆ ਕਿ ਸ਼ਾਂਤੀ ਪੂਰਬਕ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ’ਤੇ ਬਿਨਾਂ ਉਕਸਾਹਟ ਦੇ ਗੋਲ਼ੀ ਚਲਾਉਣ ਦੀ ਘਟਨਾ ਨੂੰ ਲੁਕਾਉਣ ਲਈ ਮੁਲਜ਼ਮ ਪੁਲਿਸ ਅਧਿਕਾਰੀਆਂ ਦੇ ਇਸ਼ਾਰੇ ’ਤੇ ਸੀਸੀਟੀਵੀ ਫੁਟੇਜ ਨੂੰ ਨੁਕਸਾਨ ਪਹੁੰਚਾਇਆ ਗਿਆ। ਕੋਟਕਪੂਰਾ ਦੇ ਮੁੱਖ ਚੌਕ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ 14 ਅਕਤੂਬਰ 2015 ਨੂੰ ਵਾਪਰੀ ਗੋਲੀਬਾਰੀ ਦੀ ਘਟਨਾ ਕੈਦ ਹੋ ਗਈ ਸੀ। ਐਸਆਈਟੀ ਨੇ ਅਦਾਲਤ ’ਚ ਕੁਝ ਵੀਡੀਓ ਕਲਿੱਪਾਂ ਚਲਾਈਆਂ ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ ’ਤੇ ਜ਼ੁਲਮ ਢਾਹਿਆ।

ਸਬੰਧਤ ਖ਼ਬਰ- ਬਹਿਬਲ ਕਲਾਂ-ਕੋਟਕਪੂਰਾ ਗੋਲ਼ੀਕਾਂਡ: SIT ਵੱਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਤਲਬ

ਕੋਟਕਪੂਰਾ ਧਰਨੇ ਦੀ ਵੀਡੀਓਗ੍ਰਾਫੀ ਕਰ ਰਹੇ ਕੈਮਰਾਮੈਨ ਨੇ ਵੀ ਐਸਆਈਟੀ ਨੂੰ ਬਿਆਨ ਕੀਤਾ ਕਿ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਕਹਿਣ 'ਤੇ ਉਸ ਨੇ ਵੀਡੀਓ ਦੀ ਕਾਪੀ ਦਿੱਤੀ ਤੇ ਬਾਅਦ ਵਿੱਚ ਉਨ੍ਹਾਂ ਨੇ ਹੀ ਉਸ ਦੇ ਕੈਮਰੇ 'ਚੋਂ ਵੀਡੀਓ ਨਸ਼ਟ ਕਰਵਾ ਦਿੱਤੀ। ਜਦਕਿ, ਐਸਆਈਟੀ ਦੇ ਦਾਅਵੇ ਦਾ ਵਿਰੋਧ ਕਰਦਿਆਂ ਉਮਰਾਨੰਗਲ ਦੇ ਵਕੀਲ ਨੇ ਵੀ ਅਦਾਲਤ ’ਚ ਇੱਕ ਹੋਰ ਵੀਡੀਓ ਚਲਾਈ। ਉਸ ਨੇ ਦਾਅਵਾ ਕੀਤਾ ਕਿ ਪੁਲੀਸ ਨੇ ਸਵੈ ਰੱਖਿਆ ਲਈ ਗੋਲ਼ੀਆਂ ਚਲਾਈਆਂ ਸਨ। ਵੀਡੀਓ ਦੇ ਆਧਾਰ ’ਤੇ ਵਕੀਲਾਂ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ ਕੋਲ ਤੇਜ਼ਧਾਰ ਹਥਿਆਰ ਸਨ।

ਜ਼ਰੂਰ ਪੜ੍ਹੋ- ਬਹਿਬਲ ਕਲਾਂ ਤੇ ਬਰਗਾੜੀ ਕਾਂਡ 'ਚ ਹੋਣਗੇ ਵੱਡੇ ਖੁਲਾਸੇ

ਐਸਆਈਟੀ ਨੇ ਮੁਲਜ਼ਮ ਦੇ ਵਕੀਲ ਦੇ ਵਿਰੋਧ ਵਿੱਚ ਦਾਅਵਾ ਕੀਤਾ ਕਿ ਗੋਲ਼ੀਆਂ ਚਲਾਉਣ ਤੋਂ ਪਹਿਲਾਂ ਡਿਊਟੀ ਮੈਜਿਸਟ੍ਰੇਟ ਤੋਂ ਕੋਈ ਇਜਾਜ਼ਤ ਨਹੀਂ ਲਈ ਗਈ ਸੀ ਅਤੇ ਘਟਨਾ ਹੋਣ ਮਗਰੋਂ ਪੁਲਿਸ ਨੇ ਡਿਊਟੀ ਮੈਜਿਸਟ੍ਰੇਟ ਤੋਂ ਇਸ ਸਬੰਧੀ ਜ਼ਬਰੀ ਇਜਾਜ਼ਤ ਲਈ ਅਤੇ ਮੈਜਿਸਟ੍ਰੇਟ ਦੇ ਇਸ ਬਾਬਤ ਇਕਬਾਲੀਆ ਬਿਆਨ ਐਸਆਈਟੀ ਕੋਲ ਮੌਜੂਦ ਹਨ। ਐਸਆਈਟੀ ਮੈਂਬਰ ਤੇ ਐਸਐਸਪੀ ਸਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਬਹਿਬਲ ਕਲਾਂ ਕਾਂਡ ਦੀ ਜਾਂਚ ਬੇਹੱਦ ਸੰਵੇਦਨਸ਼ੀਲ ਪਰ ਅਹਿਮ ਮੋੜ 'ਤੇ ਆਣ ਖੜ੍ਹੀ ਹੈ। ਐਸਆਈਟੀ ਨੇ ਬੀਤੇ ਦਿਨ ਸਵੈ ਰੱਖਿਆ ਦਰਸਾਉਣ ਲਈ ਗੋਲ਼ੀਆਂ ਚਲਾਉਣ 'ਚ ਵਰਤੀ ਗਈ ਬੰਦੂਕ ਨੂੰ ਵੀ ਬਰਾਮਦ ਕਰ ਲਿਆ ਹੈ।

ਸਬੰਧਤ ਖ਼ਬਰ- ਬਾਦਲ ਦੀ ਗ੍ਰਿਫਤਾਰੀ 'ਤੇ ਕੈਪਟਨ ਦੀ ਸਲਾਹ