ਗਗਨਦੀਪ ਸ਼ਰਮਾ 


ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਭਲਕੇ ਯਾਨੀ ਐਤਵਾਰ ਨੂੰ ਅੰਮ੍ਰਿਤਸਰ ਵਿਖੇ ਪੁੱਜਣਗੇ ਅਤੇ ਭਾਜਪਾ ਦੇ ਵਰਕਰਾਂ ਨਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਚਾਰ ਚਰਚਾ ਕਰਨਗੇ। ਇਸ ਦੌਰਾਨ ਉਹ ਭਾਜਪਾ ਵਰਕਰਾਂ ਦੀ ਨਬਜ਼ ਨੂੰ ਟੋਹਣ ਦੀ ਕੋਸ਼ਿਸ਼ ਕਰਨਗੇ।

ਸੂਤਰਾਂ ਮੁਤਾਬਕ ਅਮਿਤ ਸ਼ਾਹ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਭਾਜਪਾ ਦਾ ਮਜ਼ਬੂਤ ਉਮੀਦਵਾਰ ਚੁਣਨ ਦੇ ਚਾਹਵਾਨ ਹਨ ਅਤੇ ਇਸ ਦੇ ਲਈ ਉਹ ਵਰਕਰਾਂ ਦੀ ਰਾਏ ਨੂੰ ਜਾਨਣਾ ਚਾਹੁੰਦੇ ਹਨ, ਇਸੇ ਕਰਕੇ ਭਾਜਪਾ ਨੇ ਨਿੱਜੀ ਰਿਜ਼ੋਰਟ ਵਿੱਚ ਬਕਾਇਦਾ ਵਰਕਰ ਮਿਲਣੀ ਰੱਖੀ ਹੈ।

ਇਸ ਤੋਂ ਬਾਅਦ ਹੀ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਸਬੰਧੀ ਉਮੀਦਵਾਰ ਦੇ ਨਾਮ ਸਾਹਮਣੇ ਆਉਣ ਦੀ ਸੰਭਾਵਨਾ ਹੈ ਨਵਜੋਤ ਸਿੰਘ ਸਿੱਧੂ ਦੇ ਭਾਜਪਾ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਜਾਣ ਅਤੇ ਸਾਲ 2014 ਦੀ ਲੋਕ ਸਭਾ ਚੋਣ ਵਿੱਚ ਭਾਜਪਾ ਦੇ ਥੰਮ੍ਹ ਮੰਨੇ ਜਾਂਦੇ ਵੱਡੇ ਨੇਤਾ ਅਰੁਣ ਜੇਤਲੀ ਦੀ ਹਾਰ ਤੋਂ ਬਾਅਦ ਭਾਜਪਾ ਲੋਕ ਸਭਾ ਸੀਟ ਲਈ ਅੰਮ੍ਰਿਤਸਰ ਤੋਂ ਕੋਈ ਮਜ਼ਬੂਤ ਦਾਅਵੇਦਾਰ ਨੂੰ ਲੋਕ ਸਭਾ ਚੋਣ ਲੜਾਉਣ ਦੀ ਇੱਛੁਕ ਹੈ।

ਭਾਰਤੀ ਜਨਤਾ ਪਾਰਟੀ ਤੇ ਇਸ ਵੇਲੇ ਮਜ਼ਬੂਤ ਉਮੀਦਵਾਰ ਲੱਭਣ ਲਈ ਬਹੁਤ ਵੱਡਾ ਦਬਾਅ ਹੈ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਕਿਸੇ ਸਥਾਨਕ ਲੀਡਰ ਨੂੰ ਪਹਿਲ ਦੇਣ ਦੀ ਬਜਾਏ ਕਿਸੇ ਸੈਲੀਬ੍ਰਿਟੀ ਨੂੰ ਚੋਣ ਮੈਦਾਨ 'ਚ ਉਤਾਰ ਸਕਦੀ ਹੈ, ਪਰ ਹੁਣ ਭਾਜਪਾ ਵੱਲੋਂ ਕਰਵਾਏ ਸਰਵੇਖਣ ਮੁਤਾਬਕ ਸਥਾਨਕ ਭਾਜਪਾ ਉਮੀਦਵਾਰ ਕਿਸੇ ਸਥਾਨਕ ਆਗੂ ਨੂੰ ਹੀ ਚੋਣ ਲੜਾਉਣ ਦੇ ਇਛੁੱਕ ਦੱਸੇ ਜਾਂਦੇ ਹਨ।

ਮੌਜੂਦਾ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜਨ ਲਈ ਦੋ ਉਮੀਦਵਾਰਾਂ ਦੇ ਨਾਂ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਅਤੇ ਲੋਕ ਸਭਾ ਦੀ ਉਪ ਚੋਣ ਭਾਜਪਾ ਉਮੀਦਵਾਰ ਹਾਰ ਚੁੱਕੇ ਰਜਿੰਦਰ ਮੋਹਨ ਛੀਨਾ ਦੇ ਨਾਂ ਜ਼ਿਕਰਯੋਗ ਹਨ।