ਚੰਡੀਗੜ੍ਹ: ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਨੂੰ ਜਾਂਦਾ ਭਾਰਤੀ ਹਿੱਸੇ ਦਾ ਵਾਧੂ ਪਾਣੀ ਰੋਕਣ ਨਾਲ ਪੰਜਾਬ ਨੂੰ ਨੁਕਸਾਨ ਹੋਣ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਉਨ੍ਹਾਂ ਦਾਅਵਾ ਕੀਤਾ ਕਿ ਉਹ ਵਿਧਾਇਕੀ ਨੂੰ ਚੁਣੌਤੀ ਦੇਣ ਵਾਲੇ ਨੋਟਿਸਾਂ ਦੀ ਪਰਵਾਹ ਨਹੀਂ ਕਰਦੇ ਤੇ ਉਨ੍ਹਾਂ ਨੂੰ ਕੋਈ ਵੀ ਨੋਟਿਸ ਨਹੀਂ ਮਿਲਿਆ।
ਇਹ ਵੀ ਪੜ੍ਹੋ- ਭਾਰਤ ਨੇ ਰੋਕਿਆ ਪਾਕਿਸਤਾਨ ਨੂੰ ਜਾਂਦਾ ਪਾਣੀ, ਪੰਜਾਬ ਤੇ ਕਸ਼ਮੀਰ ਵੱਲ ਮੋੜੇਗਾ ਦਰਿਆਵਾਂ ਦਾ ਰੁਖ਼
ਖਹਿਰਾ ਨੇ ਕਿਹਾ ਕਿ ਕੇਂਦਰ ਪੰਜਾਬ ਦਾ ਪਾਣੀ ਖੋਹ ਕੇ ਯਮੁਨਾ 'ਚ ਪਾਉਣ ਦੇ ਰੌਂਅ ਵਿੱਚ ਹੈ, ਜੋ ਪੰਜਾਬ ਲਈ ਬੇਹੱਦ ਘਾਤਕ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕਣ ਦੀ ਆੜ ਵਿੱਚ ਪੰਜਾਬ ਨਾਲ ਡੂੰਘੀ ਸਾਜ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਪਹਿਲਾਂ ਹੀ ਹਰਿਆਣਾ, ਦਿੱਲੀ ਤੇ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਹੈਰਾਨੀ ਜਤਾਉਂਦਿਆਂ ਕਿਹਾ ਕਿ ਕੇਂਦਰ ਦੇ ਇਸ ਬਿਆਨ ਮਗਰੋਂ ਵੀ ਕਿਸੇ ਅਕਾਲੀ ਜਾਂ ਕਾਂਗਰਸੀ ਨੇਤਾ ਨੇ ਕੋਈ ਪ੍ਰਤੀਕਿਰਿਆ ਨਹੀਂ ਜ਼ਾਹਰ ਕੀਤੀ। ਖਹਿਰਾ ਨੇ ਕਿਹਾ ਕਿ ਪੰਜਾਬ ਹੁਣ ਢਾਈ ਲੱਖ ਕਰੋੜ ਦਾ ਕਰਜ਼ਾ ਝੱਲ ਰਿਹਾ ਹੈ ਪਰ ਗੁਆਂਢੀ ਸੂਬੇ ਸਾਡਾ 16 ਲੱਖ ਕਰੋੜ ਦਾ ਪਾਣੀ ਵਰਤ ਗਏ।
ਸਬੰਧਤ ਖ਼ਬਰ- ਖਹਿਰਾ ਦੀ ਵਿਧਾਇਕੀ ਨੂੰ ਖ਼ਤਰਾ, ਦਬਾਅ ਵਧਣ 'ਤੇ ਇਸ਼ਤਿਹਾਰਬਾਜ਼ੀ ਰਾਹੀਂ ਨੋਟਿਸ ਕਰਨ ਦੀ ਤਿਆਰੀ
ਖਹਿਰਾ ਨੇ ਆਪਣੀ ਵਿਧਾਇਕੀ ਨੂੰ ਚੈਲੰਜ ਕੀਤੇ ਜਾਣ ਸਬੰਧੀ ਵਿਧਾਨ ਸਭਾ ਸਪੀਕਰ ਵੱਲੋਂ ਭੇਜੇ ਨੋਟਿਸਾਂ ਦਾ ਜਵਾਬ ਨਾ ਦੇਣ ਦੇ ਮਾਮਲੇ 'ਤੇ ਕਿਹਾ ਕਿ ਉਨ੍ਹਾਂ ਨੂੰ ਨਾ ਪਿੰਡ ਤੇ ਨਾਂ ਹੀ ਚੰਡੀਗੜ੍ਹ ਦੇ ਪਤੇ 'ਤੇ ਕੋਈ ਸੂਚਨਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਉਹ ਅਜਿਹੇ ਨੋਟਿਸਾਂ ਤੋਂ ਨਹੀਂ ਡਰਦੇ ਤੇ ਅਗਲੇ ਹਫ਼ਤੇ ਖ਼ੁਦ ਨੋਟਿਸ ਪ੍ਰਾਪਤ ਕਰਨ ਜਾਣਗੇ। ਉਨ੍ਹਾਂ ਬੀਤੇ ਦਿਨ ਡੀਈਓ ਵੱਲੋਂ ਅਧਿਆਪਕ ਨੂੰ ਥੱਪੜ ਮਾਰੇ ਜਾਣ ਕਰਕੇ ਕੈਪਟਨ ਸਰਕਾਰ ਅਤੇ ਬਹਿਬਲ ਕਲਾਂ ਗੋਲ਼ੀਕਾਂਡ ਕਰਕੇ ਬਾਦਲਾਂ 'ਤੇ ਵੀ ਕਈ ਸ਼ਬਦੀ ਹਮਲੇ ਕੀਤੇ।