ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹਾਲੇ ਤਕ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਸੌਪੇ ਗਏ ਨਵੇਂ ਵਿਭਾਗ ਦਾ ਕਾਰਜਭਾਰ ਨਹੀਂ ਸੰਭਾਲਿਆ। ਇਸ ਕਰਕੇ ਸੈਕਟਰੀਏਟ ਦੇ 5ਵੀਂ ਮੰਜ਼ਲ 'ਤੇ ਉਨ੍ਹਾਂ ਦੇ ਦਫ਼ਤਰ ਵਿੱਚ ਤਾਲਾ ਲੱਗਿਆ ਹੋਇਆ ਹੈ। ਹਾਲਾਂਕਿ ਸਿੱਧੂ ਦੇ ਵਿਭਾਗ ਦਾ ਬਾਕੀ ਸਟਾਫ਼ ਇੱਥੇ ਮੌਜੂਦ ਹੈ ਪਰ ਮੰਤਰੀ ਦੇ ਦਫ਼ਤਰ ਨੂੰ ਤਾਲਾ ਜੜ੍ਹਿਆ ਹੋਇਆ ਹੈ।

ਸੈਕਟਰੀਏਟ ਦੇ 5ਵੀਂ ਮੰਜ਼ਲ 'ਤੇ 33 ਨੰਬਰ ਦਫਤਰ ਨਵਜੋਤ ਸਿੱਧੂ ਦਾ ਹੈ। ਛੇ ਜੂਨ, ਯਾਨੀ ਜਿਸ ਦਿਨ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀਆਂ ਦੇ ਵਿਭਾਗ ਬਦਲੇ, ਉਸੇ ਦਿਨ ਤੋਂ ਬਾਅਦ 33 ਨੰਬਰ ਦਫ਼ਤਰ ਨੂੰ ਤਾਲਾ ਹੀ ਨਜ਼ਰ ਆਇਆ ਕਿਉਂਕਿ ਸਿੱਧੂ ਨਵੇਂ ਪੋਰਟਫੋਲੀਓ ਮੁਤਾਬਕ ਮੰਤਰਾਲਾ ਸੰਭਾਲਣ ਲਈ ਤਿਆਰ ਨਹੀਂ ਹਨ।

ਇਸੇ ਤਰ੍ਹਾਂ ਸੈਕਟਰੀਏਟ ਦੀ ਤੀਜੀ ਮੰਜ਼ਲ 'ਤੇ ਓਮ ਪ੍ਰਕਾਸ਼ ਸੋਨੀ ਦੇ ਦਫ਼ਤਰ ਨੂੰ ਵੀ ਤਾਲਾ ਲੱਗਾ ਹੋਇਆ ਹੈ। ਸੋਨੀ ਪਹਿਲਾਂ ਸਿੱਖਿਆ ਮੰਤਰੀ ਸਨ, ਪਰ ਸਿੱਧੂ ਵਾਂਗ ਉਹ ਵੀ ਨਵਾਂ ਵਿਭਾਗ ਸੰਭਾਲਣ ਲਈ ਤਿਆਰ ਨਹੀਂ। ਉਨ੍ਹਾਂ ਆਪਣਾ ਵਿਭਾਗ ਨਹੀਂ ਲਿਆ ਜਿਸ ਕਰਕੇ ਸੋਨੀ ਦੇ ਦਫ਼ਤਰ ਨੂੰ ਵੀ ਛੇ ਜੂਨ ਤੋਂ ਬਾਅਦ ਲਗਾਤਾਰ ਤਾਲਾ ਹੀ ਲੱਗਿਆ ਨਜ਼ਰ ਆਇਆ।

ਸੋਨੀ ਦਾ ਵੀ ਸਟਾਫ ਮੌਜੂਦ ਹੈ ਪਰ ਦਫ਼ਤਰ ਨੰਬਰ 31, ਜਿਸ ਦੇ ਬਾਹਰ ਪਹਿਲਾਂ ਹਰ ਵੇਲੇ ਰੌਣਕ ਨਜ਼ਰ ਆਉਂਦੀ ਸੀ, ਪਰ ਹੁਣ ਇਸ ਦਫ਼ਤਰ ਬਾਹਰ ਸੁੰਨ ਪਸਰ ਚੁੱਕੀ ਹੈ। ਹਾਲਾਂਕਿ ਸੋਨੀ ਦੀ ਨੇਮ ਪਲੇਟ 'ਤੇ ਨਵਾਂ ਪੋਰਟਫੋਲੀਓ ਛਪਣ ਲਈ ਤਾਂ ਚਲਾ ਗਿਆ ਪਰ ਸੋਨੀ ਇਸ ਲਈ ਤਿਆਰ ਨਹੀਂ। ਉਹ ਅਫ਼ਸਰਸ਼ਾਹੀ 'ਤੇ ਇਲਜ਼ਾਮ ਲਾ ਰਹੇ ਹਨ ਕਿ ਅਫ਼ਸਰਸ਼ਾਹੀ ਮੰਤਰੀਆਂ 'ਤੇ ਭਾਰੂ ਹੈ ਜਿਸ ਕਰਕੇ ਕੰਮ 'ਤੇ ਅਸਰ ਪੈਂਦਾ ਹੈ।

ਯਾਦ ਰਹੇ ਲੋਕ ਸਭਾ ਦੀਆਂ ਚੋਣਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਗਿਆ ਸੀ ਕਿ ਜੋ ਮੰਤਰੀ ਚੰਗੀ ਕਾਰਗੁਜ਼ਾਰੀ ਨਹੀਂ ਕਰ ਪਾਏਗਾ, ਉਸ ਦਾ ਮੰਤਰਾਲਾ ਬਦਲ ਦਿੱਤਾ ਜਾਵੇਗਾ। ਇਸ ਤੋਂ ਬਾਅਦ ਛੇ ਜੂਨ ਨੂੰ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦੀ ਕਾਰਗੁਜ਼ਾਰੀ ਦੇ ਸਿਰ 'ਤੇ ਮੰਤਰੀਆਂ ਦੇ ਪੋਰਟਫੋਲੀਓ ਬਦਲ ਦਿੱਤੇ। ਇਸ ਤੋਂ ਬਾਅਦ ਅਣਖ ਦਾ ਸਵਾਲ ਮੰਨ ਕੇ ਉਨ੍ਹਾਂ ਦੇ ਦੋ ਮੰਤਰੀ ਬਾਗ਼ੀ ਹੋ ਗਏ।