Punjab News: ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਜਾਣ ਵਾਲੇ ਦੋਪਹੀਆ ਵਾਹਨਾਂ 'ਤੇ ਲੱਗੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੇ ਝੰਡੇ ਉਤਾਰ ਕੇ ਪੈਰਾਂ ਹੇਠ ਰੋਲਣ ਦਾ ਮਾਮਲਾ ਗਰਮਾ ਗਿਆ ਹੈ। ਹੁਣ ਇਸ ਮੁੱਦੇ 'ਤੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਸੂਬੇ ਆਹਮੋ-ਸਾਹਮਣੇ ਹੋ ਗਏ ਹਨ।
ਦਰਅਸਲ, ਇਹ ਮਾਮਲਾ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਵੱਲੋਂ ਬਾਈਕਾਂ ਤੋਂ ਭਿੰਡਰਾਂਵਾਲੇ ਦੇ ਝੰਡੇ ਹਟਾਏ ਜਾਣ ਨਾਲ ਸ਼ੁਰੂ ਹੋਇਆ ਸੀ, ਜਿਸਦਾ ਹੁਣ ਪੰਜਾਬ ਵਿੱਚ ਵਿਰੋਧ ਹੋ ਰਿਹਾ ਹੈ। ਜਿੱਥੇ ਸਿੱਖ ਨੌਜਵਾਨਾਂ ਨੇ ਹਿਮਾਚਲ ਰੋਡਵੇਜ਼ ਦੀਆਂ ਬੱਸਾਂ ਨੂੰ ਰੋਕਿਆ ਤੇ ਉਨ੍ਹਾਂ 'ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੋਸਟਰ ਲਾ ਦਿੱਤੇ। ਇਸ ਦੇ ਨਾਲ ਹੀ ਡਰਾਈਵਰਾਂ-ਕੰਡਕਟਰਾਂ ਨੂੰ ਧਮਕੀ ਦਿੱਤੀ ਕਿ ਇਨ੍ਹਾਂ ਪੋਸਟਰਾਂ ਨੂੰ ਨਾ ਹਟਾਉਣ।
ਇਹ ਮੁੱਦਾ ਮੰਗਲਵਾਰ ਨੂੰ ਹਿਮਾਚਲ ਵਿਧਾਨ ਸਭਾ ਵਿੱਚ ਵੀ ਗੂੰਜਿਆ। ਇਸ ਮੁੱਦੇ 'ਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਤੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਵਿਚਕਾਰ ਕਾਫ਼ੀ ਬਹਿਸ ਹੋਈ। ਇਸ ਦੌਰਾਨ, HRTC ਦੇ MD ਨਿਪੁਣ ਜਿੰਦਲ ਨੇ ਹੁਸ਼ਿਆਰਪੁਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਮੁੱਖ ਮੰਤਰੀ ਨਾਲ ਗੱਲ ਕਰਨਗੇ ਹਿਮਾਚਲ ਦੇ CM
ਪੰਜਾਬ ਵਿੱਚ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੀਆਂ ਬੱਸਾਂ ਨੂੰ ਰੋਕਣ ਦੇ ਮੁੱਦੇ 'ਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਵਿਧਾਨ ਸਭਾ ਵਿੱਚ ਸਰਕਾਰ ਨੂੰ ਘੇਰਿਆ ਤੇ ਕਿਹਾ ਪੰਜਾਬ ਜਾਣ ਵਾਲੀਆਂ HRTC ਬੱਸਾਂ ਵਿੱਚ ਭਿੰਡਰਾਂਵਾਲੇ ਦੇ ਝੰਡੇ ਲਹਿਰਾਏ ਜਾ ਰਹੇ ਹਨ ਅਤੇ ਤਲਵਾਰਾਂ ਖੁੱਲ੍ਹੇਆਮ ਲਹਿਰਾਈਆਂ ਜਾ ਰਹੀਆਂ ਹਨ। ਇਹ ਕਾਨੂੰਨ ਵਿਵਸਥਾ 'ਤੇ ਇੱਕ ਵੱਡਾ ਸਵਾਲ ਹੈ। ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੋਵਾਂ ਰਾਜਾਂ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣੀ ਰਹੇ। ਇਸ ਬਾਰੇ ਗੰਭੀਰਤਾ ਨਾਲ ਸੋਚੋ। ਇਸ 'ਤੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਨਗੇ। ਅਜਿਹਾ ਕਰਨਾ ਮੰਦਭਾਗਾ ਹੈ।
ਵਿਰੋਧੀ ਧਿਰ ਨੇ ਕੀ ਕਿਹਾ ?
ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਗੁਆਂਢੀ ਰਾਜਾਂ ਤੋਂ ਨੌਜਵਾਨ ਹਿਮਾਚਲ ਆ ਰਹੇ ਹਨ ਅਤੇ ਇੱਥੇ ਹੰਗਾਮਾ ਕਰ ਰਹੇ ਹਨ। ਉਹ ਆਪਣੇ ਵਾਹਨਾਂ 'ਤੇ ਭਿੰਡਰਾਂਵਾਲੇ ਦੇ ਪੋਸਟਰ ਲਗਾ ਕੇ ਉਸਦੇ ਸਨਮਾਨ ਵਿੱਚ ਗੱਲ ਕਰ ਰਹੇ ਹਨ। ਜਦੋਂ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ, ਤਾਂ ਉਹ ਕਾਨੂੰਨ ਵਿਵਸਥਾ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਹਿਮਾਚਲ ਤੋਂ ਆਉਣ ਵਾਲੀ ਬੱਸ ਨੂੰ ਪੰਜਾਬ ਵਿੱਚ ਰੋਕ ਕੇ ਉਸ ਉੱਤੇ ਭਿੰਡਰਾਂਵਾਲੇ ਦੀ ਫੋਟੋ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸੁੱਖੂ ਨੂੰ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕਰਕੇ ਸਦਭਾਵਨਾਪੂਰਨ ਮਾਹੌਲ ਬਣਾਉਣ ਲਈ ਪਹਿਲ ਕਰਨੀ ਚਾਹੀਦੀ ਹੈ।
ਰੋਜ਼ਾਨਾ 100 ਤੋਂ ਵੱਧ ਬੱਸਾਂ ਜਾਂਦੀਆਂ ਨੇ ਪੰਜਾਬ
ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਲਈ ਰੋਜ਼ਾਨਾ 100 ਤੋਂ ਵੱਧ ਬੱਸਾਂ ਚਲਦੀਆਂ ਹਨ। ਇਸ ਵਿੱਚੋਂ ਕੁਝ ਹਿੱਸਾ ਪੰਜਾਬ ਰਾਹੀਂ ਹਰਿਦੁਆਰ ਜਾਂ ਹੋਰ ਸ਼ਹਿਰਾਂ ਨੂੰ ਭੇਜਿਆ ਜਾਂਦਾ ਹੈ। ਪੰਜਾਬ ਵਿੱਚ ਹਿਮਾਚਲ ਦੀਆਂ ਬੱਸਾਂ 'ਤੇ ਖਾਲਿਸਤਾਨ ਦੇ ਪੋਸਟਰ ਤੇ ਝੰਡੇ ਲਗਾਉਣ ਤੋਂ ਬਾਅਦ ਡਰਾਈਵਰ ਅਤੇ ਕੰਡਕਟਰ ਡਰੇ ਹੋਏ ਹਨ। ਇਸ ਮੌਕੇ ਹਿਮਾਚਲ ਡਰਾਈਵਰ-ਕੰਡਕਟਰ ਯੂਨੀਅਨ ਦੇ ਪ੍ਰਧਾਨ ਮਾਨ ਸਿੰਘ ਠਾਕੁਰ ਨੇ ਕਿਹਾ ਕਿ ਪੰਜਾਬ ਵਿੱਚ ਹਿਮਾਚਲ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਅਤੇ ਹਿਮਾਚਲ ਸਰਕਾਰ ਤੋਂ ਡਰਾਈਵਰਾਂ ਅਤੇ ਕੰਡਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਹੁਸ਼ਿਆਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ
ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੇ ਐੱਮਡੀ ਨਿਪੁਣ ਜਿੰਦਲ ਨੇ ਕਿਹਾ ਕਿ ਹੁਸ਼ਿਆਰਪੁਰ ਬੱਸ ਸਟੈਂਡ 'ਤੇ ਹਿਮਾਚਲ ਦੀ ਬੱਸ 'ਤੇ ਲਗਾਏ ਗਏ ਪੋਸਟਰ ਸਬੰਧੀ ਹੁਸ਼ਿਆਰਪੁਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਹਿਮਾਚਲ ਤੇ ਪੰਜਾਬ ਸਰਕਾਰਾਂ ਤੋਂ ਮੰਗ ਕੀਤੀ ਗਈ ਹੈ ਕਿ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਦੇ ਨਾਲ-ਨਾਲ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾਣ।
ਬੱਸਾਂ ਉੱਤੇ ਲਾਏ ਗਏ ਭਿੰਡਰਾਵਾਲੇ ਦੇ ਪੋਸਟਰ
ਜ਼ਿਕਰ ਕਰ ਦਈਏ ਕਿ ਹੁਸ਼ਿਆਰਪੁਰ ਤੋਂ ਵੀਡੀਓ ਤੇ ਫੋਟੋਆਂ ਸਾਹਮਣੇ ਆਈਆਂ ਸਨ ਜਿਸ ਵਿੱਚ ਹਿਮਾਚਲ ਰੋਡਵੇਜ਼ ਦੀਆਂ ਬੱਸਾਂ 'ਤੇ ਸੰਤ ਭਿੰਡਰਾਂਵਾਲੇ ਦੇ ਪੋਸਟਰ ਲਗਾਏ ਜਾ ਰਹੇ ਹਨ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਹਨ। ਸਿੱਖ ਨੌਜਵਾਨਾਂ ਨੇ ਇਹ ਕੰਮ ਲੁੱਕ-ਛਿਪ ਕੇ ਨਹੀਂ ਸਗੋਂ ਹੁਸ਼ਿਆਰਪੁਰ ਦੇ ਮੁੱਖ ਬੱਸ ਅੱਡੇ 'ਤੇ ਹਜ਼ਾਰਾਂ ਲੋਕਾਂ ਦੇ ਸਾਹਮਣੇ ਖੁੱਲ੍ਹੇਆਮ ਕੀਤਾ ਜਿੱਥੇ ਪੁਲਿਸ ਸੁਰੱਖਿਆ ਵੀ ਤਾਇਨਾਤ ਸੀ। ਸਿੱਖ ਨੌਜਵਾਨਾਂ ਨੇ ਕਿਹਾ ਕਿ ਉਹ ਕਿਸੇ ਧਰਮ ਜਾਂ ਕਿਸੇ ਸੂਬੇ ਦੇ ਲੋਕਾਂ ਦੇ ਖਿਲਾਫ ਨਹੀਂ ਪਰ ਜੇਕਰ ਕੋਈ ਸਾਨੂੰ ਵੰਗਾਰੇਗਾ ਤਾਂ ਅਸੀਂ ਜਵਾਬ ਦਿਆਂਗੇ।
ਉਨ੍ਹਾਂ ਨੇ ਕਿਹਾ ਕਿ ਹਿਮਾਚਲ ਦੇ ਕੁਝ ਸ਼ਰਾਰਤੀ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਸੰਤ ਭਿੰਡਰਾਂਵਾਲੇ ਦੇ ਪੋਸਟਰਾਂ ਨਾਲ ਹਿਮਾਚਲ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ 'ਤੇ ਅਸੀਂ ਐਲਾਨ ਕਰਦੇ ਹਾਂ ਕਿ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਜਾਂ ਬੱਸ 'ਤੇ ਜਿਸਨੇ ਪੰਜਾਬ ਵਿੱਚ ਦਾਖਲ ਹੋਣਾ ਹੈ, ਸੰਤ ਭਿੰਡਰਾਂਵਾਲੇ ਦੀ ਫੋਟੋ ਹੋਣੀ ਚਾਹੀਦੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਵੇਗੀ। ਇਹ ਅੱਜ ਦਲ ਖਾਲਸਾ ਵੱਲੋਂ ਐਲਾਨ ਹੈ।
ਜਥੇਦਾਰ ਨੇ ਕਿਹਾ-ਬਰਦਾਸ਼ਤ ਨਹੀਂ ਕਰਾਂਗੇ
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹੈ ਕਿ ਭਾਰਤ ਇੱਕ ਬਹੁ-ਧਾਰਮਿਕ ਤੇ ਬਹੁ-ਭਾਸ਼ਾਈ ਦੇਸ਼ ਹੈ, ਜਿੱਥੇ ਹਰ ਕਿਸੇ ਨੂੰ ਧਾਰਮਿਕ ਆਜ਼ਾਦੀ ਹੈ। ਉਨ੍ਹਾਂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਿੱਖਾਂ ਦੇ ਕੌਮੀ ਸ਼ਹੀਦ ਤੇ ਨਾਇਕ ਹਨ, ਜਿਨ੍ਹਾਂ ਨੂੰ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼ਹੀਦ ਐਲਾਨਿਆ ਗਿਆ ਹੈ। ਜਥੇਦਾਰ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਸਿੱਖ ਆਪਣੇ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਣ ਲਈ ਜਾਂਦੇ ਹਨ, ਪਰ ਸ਼ਰਧਾਲੂਆਂ ਨੂੰ ਰੋਕਿਆ ਜਾ ਰਿਹਾ ਹੈ ਤੇ ਨਿਸ਼ਾਨ ਸਾਹਿਬ ਤੇ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਉਨ੍ਹਾਂ ਦੇ ਵਾਹਨਾਂ ਤੋਂ ਜ਼ਬਰਦਸਤੀ ਉਤਾਰੀਆਂ ਜਾ ਰਹੀਆਂ ਹਨ। ਇਹ ਦੁੱਖ ਦੀ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਵਿੱਚ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਅ ਰਿਹਾ, ਸਗੋਂ ਸਿੱਖਾਂ ਵਿਰੁੱਧ ਨਫ਼ਰਤ ਦਾ ਮਾਹੌਲ ਪੈਦਾ ਕਰ ਰਿਹਾ ਹੈ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹ ਮਾਮਲਾ ਹਿਮਾਚਲ ਪ੍ਰਦੇਸ਼ ਸਰਕਾਰ ਸਾਹਮਣੇ ਉਠਾਉਣ ਦੇ ਨਿਰਦੇਸ਼ ਦਿੱਤੇ।
ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਕੌਮ ਦੇ ਮਹਾਨ ਨਾਇਕ ਹਨ ਤੇ ਸਿੱਖ ਨੌਜਵਾਨਾਂ 'ਤੇ ਅੱਤਿਆਚਾਰ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜਦੋਂ ਪੁਲਿਸ ਕਿਸੇ ਨੌਜਵਾਨ ਨੂੰ ਉਸ ਦੀ ਗੱਡੀ ਦੇ ਦਸਤਾਵੇਜ਼ ਚੈੱਕ ਕਰਨ ਲਈ ਰੋਕਦੀ ਹੈ ਤਾਂ ਕਿਸੇ ਵੀ ਸਥਾਨਕ ਸ਼ਰਾਰਤੀ ਅਨਸਰ ਨੂੰ ਸਿੱਖ ਨੌਜਵਾਨ 'ਤੇ ਜ਼ਬਰਦਸਤੀ ਹਮਲਾ ਕਰਨ ਤੇ ਉਨ੍ਹਾਂ ਦੇ ਵਾਹਨਾਂ 'ਤੇ ਲੱਗੇ ਝੰਡੇ ਪਾੜਨ ਦਾ ਕੋਈ ਅਧਿਕਾਰ ਨਹੀਂ। ਇਸ ਤੋਂ ਇੰਝ ਲੱਗਦਾ ਹੈ ਜਿਵੇਂ ਹਿਮਾਚਲ ਪ੍ਰਦੇਸ਼ ਪੁਲਿਸ ਨੂੰ ਸਥਾਨਕ ਗੁੰਡੇ ਅਨਸਰਾਂ ਦੁਆਰਾ ਚਲਾਇਆ ਜਾ ਰਿਹਾ ਹੈ।
ਕਿਉਂ ਛਿੜਿਆ ਪੂਰਾ ਵਿਵਾਦ ?
ਹਾਸਲ ਜਾਣਕਾਰੀ ਅਨੁਸਾਰ ਪਿਛਲੇ 4 ਦਿਨਾਂ ਤੋਂ ਪੰਜਾਬ ਤੋਂ ਹਿਮਾਚਲ ਜਾਣ ਵਾਲੇ ਨੌਜਵਾਨਾਂ ਦੇ ਮੋਟਰਸਾਈਕਲਾਂ 'ਤੇ ਲੱਗੇ ਭਿੰਡਰਾਂਵਾਲੇ ਦੇ ਪੋਸਟਰ ਤੇ ਝੰਡੇ ਹਟਾਏ ਜਾ ਰਹੇ ਹਨ, ਜਿਨ੍ਹਾਂ ਨੂੰ ਭੜਕਾਊ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਮਨਾਲੀ ਪੁਲਿਸ ਨੇ ਦੂਜੇ ਰਾਜਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਮੋਟਰ ਸਾਈਕਲਾਂ ਦੇ ਚਲਾਨ ਵੀ ਕੀਤੇ ਹਨ। ਇਸ ਦੀਆਂ ਕੁਝ ਫੋਟੋਆਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵੀ ਸਾਹਮਣੇ ਆਈਆਂ ਜਿਸ ਕਾਰਨ ਹੁਸ਼ਿਆਰਪੁਰ ਵਿੱਚ ਅਜਿਹਾ ਕੀਤਾ ਗਿਆ। ਹੁਣ ਇਸ ਮੁੱਦੇ ਨੂੰ ਲੈ ਕੇ ਦੋ ਸੂਬਿਆਂ ਦੀ ਸਰਕਾਰਾਂ ਆਹਮੋ-ਸਾਹਮਣੇ ਆ ਗਈਆਂ ਹਨ ਤੇ ਇਸ ਨੂੰ ਲੈ ਕੇ ਦੋਵਾਂ ਸੂਬਿਆਂ ਦੇ ਲੋਕ ਚਿੰਤਾ ਵਿੱਚ ਹਨ।