Bhindranwala Poster: ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਤੋਂ ਗਏ ਸਿੱਖ ਨੌਜਵਾਨਾਂ ਦੇ ਮੋਟਰਸਾਈਕਲਾਂ ਉਪਰੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੇ ਪੋਸਟਰ ਜ਼ਬਰੀ ਹਟਾਉਣ ਕਾਰਨ ਦੋਵਾਂ ਸੂਬਿਆਂ ਵਿੱਚ ਤਣਾਅ ਵਧ ਗਿਆ ਹੈ। ਹਿਮਾਚਲ ਵਿੱਚ ਕੀਤੀ ਕਾਰਵਾਈ ਦੀਆਂ ਵੀਡੀਓ ਵਾਇਰਲ ਹੋਣ ਮਗਰੋਂ ਪੰਜਾਬ ਵਿੱਚ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਹੁਸ਼ਿਆਰਪੁਰ ਵਿੱਚ ਹਿਮਾਚਲ ਦੀਆਂ ਸਰਕਾਰੀ ਬੱਸਾਂ ਉਪਰ ਸੰਤ ਭਿੰਡਰਾਵਾਲਾ ਦੇ ਪੋਸਟਰ ਲਾਏ ਗਏ ਤੇ ਐਲਾਨ ਕੀਤਾ ਗਿਆ ਕਿ ਪੰਜਾਬ ਵਿੱਚ ਵਾਹਨਾਂ ਨੂੰ ਐਂਟਰੀ ਤਾਂ ਹੀ ਮਿਲੇਗੀ ਜੇਕਰ ਉਨ੍ਹਾਂ ਉਪਰ ਸੰਤ ਜਰਨੈਲ ਸਿੰਘ ਦੇ ਪੋਸਟਰ ਲੱਗੇ ਹੋਣਗੇ।
ਇਸ ਦੌਰਾਨ ਸਵਾਲ ਖੜ੍ਹਾ ਹੋਇਆ ਹੈ ਕਿ ਕੀ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੇ ਪੋਸਟਰ ਬੈਨ ਹਨ। ਕੀ ਇਹ ਪੋਸਟਰ ਲਾਉਣਾ ਕਾਨੂੰਨੀ ਰੂਪ ਵਿੱਚ ਗਲਤ ਹੈ। ਇਸ ਦਾ ਜਵਾਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਦਿੱਤਾ ਹੈ। ਜਥੇਦਾਰ ਨੇ ਕਿਹਾ ਹੈ ਕਿ ਭਾਰਤ ਇੱਕ ਬਹੁ-ਧਾਰਮਿਕ ਤੇ ਬਹੁ-ਭਾਸ਼ਾਈ ਦੇਸ਼ ਹੈ, ਜਿੱਥੇ ਹਰ ਕਿਸੇ ਨੂੰ ਧਾਰਮਿਕ ਆਜ਼ਾਦੀ ਹੈ। ਉਨ੍ਹਾਂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਿੱਖਾਂ ਦੇ ਕੌਮੀ ਸ਼ਹੀਦ ਤੇ ਨਾਇਕ ਹਨ, ਜਿਨ੍ਹਾਂ ਨੂੰ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼ਹੀਦ ਐਲਾਨਿਆ ਗਿਆ ਹੈ।
ਜਥੇਦਾਰ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਸਿੱਖ ਆਪਣੇ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਣ ਲਈ ਜਾਂਦੇ ਹਨ, ਪਰ ਸ਼ਰਧਾਲੂਆਂ ਨੂੰ ਰੋਕਿਆ ਜਾ ਰਿਹਾ ਹੈ ਤੇ ਨਿਸ਼ਾਨ ਸਾਹਿਬ ਤੇ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਉਨ੍ਹਾਂ ਦੇ ਵਾਹਨਾਂ ਤੋਂ ਜ਼ਬਰਦਸਤੀ ਉਤਾਰੀਆਂ ਜਾ ਰਹੀਆਂ ਹਨ। ਇਹ ਦੁੱਖ ਦੀ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਵਿੱਚ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਅ ਰਿਹਾ, ਸਗੋਂ ਸਿੱਖਾਂ ਵਿਰੁੱਧ ਨਫ਼ਰਤ ਦਾ ਮਾਹੌਲ ਪੈਦਾ ਕਰ ਰਿਹਾ ਹੈ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹ ਮਾਮਲਾ ਹਿਮਾਚਲ ਪ੍ਰਦੇਸ਼ ਸਰਕਾਰ ਸਾਹਮਣੇ ਉਠਾਉਣ ਦੇ ਨਿਰਦੇਸ਼ ਦਿੱਤੇ।
ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਕੌਮ ਦੇ ਮਹਾਨ ਨਾਇਕ ਹਨ ਤੇ ਸਿੱਖ ਨੌਜਵਾਨਾਂ 'ਤੇ ਅੱਤਿਆਚਾਰ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜਦੋਂ ਪੁਲਿਸ ਕਿਸੇ ਨੌਜਵਾਨ ਨੂੰ ਉਸ ਦੀ ਗੱਡੀ ਦੇ ਦਸਤਾਵੇਜ਼ ਚੈੱਕ ਕਰਨ ਲਈ ਰੋਕਦੀ ਹੈ ਤਾਂ ਕਿਸੇ ਵੀ ਸਥਾਨਕ ਸ਼ਰਾਰਤੀ ਅਨਸਰ ਨੂੰ ਸਿੱਖ ਨੌਜਵਾਨ 'ਤੇ ਜ਼ਬਰਦਸਤੀ ਹਮਲਾ ਕਰਨ ਤੇ ਉਨ੍ਹਾਂ ਦੇ ਵਾਹਨਾਂ 'ਤੇ ਲੱਗੇ ਝੰਡੇ ਪਾੜਨ ਦਾ ਕੋਈ ਅਧਿਕਾਰ ਨਹੀਂ। ਇਸ ਤੋਂ ਇੰਝ ਲੱਗਦਾ ਹੈ ਜਿਵੇਂ ਹਿਮਾਚਲ ਪ੍ਰਦੇਸ਼ ਪੁਲਿਸ ਨੂੰ ਸਥਾਨਕ ਗੁੰਡੇ ਅਨਸਰਾਂ ਦੁਆਰਾ ਚਲਾਇਆ ਜਾ ਰਿਹਾ ਹੈ।
ਜਥੇਜਾਰ ਨੇ ਸਿੱਖ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਹਿਮਾਚਲ ਪ੍ਰਦੇਸ਼ ਜਾਂਦੇ ਸਮੇਂ ਆਪਣੇ ਵਾਹਨਾਂ ਦੇ ਦਸਤਾਵੇਜ਼ ਆਪਣੇ ਕੋਲ ਰੱਖਣ ਤੇ ਇਕੱਲੇ ਯਾਤਰਾ ਕਰਨ ਤੋਂ ਬਚਣ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਇਨ੍ਹਾਂ ਘਟਨਾਵਾਂ ਦਾ ਨੋਟਿਸ ਲੈਣਾ ਚਾਹੀਦਾ ਹੈ ਤੇ ਸੂਬਾ ਪੁਲਿਸ ਨੂੰ ਕਾਨੂੰਨ ਅਨੁਸਾਰ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਹੁਕਮ ਦੇਣੇ ਚਾਹੀਦੇ ਹਨ।
ਉਨ੍ਹਾਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਤੇ ਤਣਾਅਪੂਰਨ ਸਥਿਤੀ ਪੈਦਾ ਕਰਨਾ ਚਾਹੁੰਦੇ ਹਨ, ਜਿਸ ਲਈ ਅਜਿਹੇ ਅਨਸਰਾਂ ਨੂੰ ਰੋਕਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ। ਇਹ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਹਰ ਧਰਮ ਤੇ ਭਾਈਚਾਰੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ ਤੇ ਕਿਸੇ ਇੱਕ ਧਰਮ ਦੇ ਲੋਕਾਂ ਵਿਰੁੱਧ ਖੁੱਲ੍ਹ ਕੇ ਨਫ਼ਰਤ ਨਾ ਫੈਲਣ ਦੇਵੇ।