ਫਤਿਹਾਬਾਦ: ਪਰਾਲੀ ਸਾੜਨ ਕਰਕੇ ਸਿਰਫ ਵਾਤਾਵਰਨ ’ਤੇ ਹੀ ਮਾੜਾ ਅਸਰ ਨਹੀਂ ਪੈ ਰਿਹਾ, ਸਗੋਂ ਇਸ ਕਾਰਨ ਆਏ ਦਿਨ ਭਿਆਨਕ ਸੜਕ ਹਾਦਸੇ ਵੀ ਵਾਪਰ ਰਹੇ ਹਨ। ਪਰਾਲੀ ਦੇ ਧੁੰਏਂ ਦੀ ਵਜ੍ਹਾ ਕਰਕੇ ਹਰਿਆਣਾ ਦੇ ਪਿੰਡ ਝਲਨੀਆਂ ਤੇ ਭੂਥਨ ਕਲਾਂ ਨਜ਼ਦੀਕ ਭਿਆਨਕ ਸੜਕ ਹਾਦਸਿਆਂ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋਵੇਂ ਹਾਦਸੇ ਸਵੇਰ ਵੇਲੇ ਵਾਪਰੇ। ਇਸ ਵੇਲੇ ਵਿਜ਼ੀਬਿਲਟੀ ਕਾਫੀ ਘਟ ਜਾਂਦੀ ਹੈ। ਪਹਿਲਾ ਹਾਦਸਾ ਪਿੰਡ ਝੱਲਨੀਆਂ ਦਾ ਹੈ, ਜਿੱਥੇ ਟਰੱਕ, ਟਰੈਕਟਰ ਤੇ ਕੈਂਟਰ ਦੀ ਆਪਸ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਟਰੱਕ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੂਜਾ ਸੜਕ ਹਾਦਸਾ ਪਿੰਡ ਭੂਥਨ ਕਲਾਂ ਵਾਪਰਿਆ ਜਿੱਥੇ ਰੋਡਵੇਜ਼ ਬੱਸ ਤੇ ਮੋਟਰਸਾਈਕਲ ਸਵਾਰ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਟਰੱਕ ਚਾਲਕ ਦੀ ਤਾਂ ਫਿਲਹਾਲ ਪਛਾਣ ਨਹੀਂ ਹੋ ਪਾਈ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਪਰਾਲੀ ਦੇ ਧੂੰਏਂ ਦੀ ਵਜ੍ਹਾ ਕਰਕੇ ਵਾਪਰਿਆ ਹੈ। ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਟਰੱਕ ਚਾਲਕ ਦੀ ਮੌਤ ਕਿਸ ਵਾਹਨ ਦੀ ਟੱਕਰ ਨਾਲ ਹੋਈ ਹੈ।