ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇਣ ਮਗਰੋਂ ਟਕਸਾਲੀ ਲੀਡਰ ਸੇਵਾ ਸਿੰਘ ਸੇਖਵਾਂ ਨੇ ਵੱਡੇ ਖੁਲਾਸੇ ਕੀਤੇ ਹਨ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਰਿਸ਼ਤੇਦਾਰ ਬਿਕਰਮ ਮਜੀਠੀਆ ਖਿਲਾਫ ਖੁੱਲ੍ਹ ਕੇ ਬੋਲਦਿਆਂ ਸੇਖਵਾਂ ਨੇ ਕਿਹਾ ਕਿ ਸੁਖਬੀਰ ਤਾਨਾਸ਼ਾਹ ਰਵੱਈਆ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਿਆ ਹੈ। ਸੇਖਵਾਂ ਨੇ ਕਿਹਾ ਕਿ ਪਾਰਟੀ ਸਿਧਾਂਤਾਂ ਤੋਂ ਥਿੜਕੀ ਗਈ ਹੈ ਤੇ ਜਮਹੂਰੀ ਕਦਰਾਂ-ਕੀਮਤਾਂ ਨਹੀਂ ਰਹੀਆਂ।
ਸੇਖਵਾਂ ਨੇ ਕਿਹਾ ਕਿ ਸੁਖਬੀਰ ਤੇ ਬਿਕਰਮ ਮਜੀਠੀਆ ਦੀ ਪਾਰਟੀ ਵਾਸਤੇ ਕੋਈ ਕੁਰਬਾਨੀ ਨਹੀਂ। ਇਨ੍ਹਾਂ ਨੂੰ ਪਾਰਟੀ ਤੇ ਕੌਮ ਦੇ ਇਤਿਹਾਸ ਬਾਰੇ ਕੁਝ ਵੀ ਪਤਾ ਨਹੀਂ। ਉਹ ਆਪਣੇ ਬਿਜ਼ਨੈੱਸ ਲਈ ਰਾਜਨੀਤੀ ਨੂੰ ਵਰਤ ਰਹੇ ਹਨ। ਸਿਆਸਤ ਦੀ ਆੜ ਵਿੱਚ ਆਪਣੀਆਂ ਕੰਪਨੀਆਂ ਨੂੰ ਬੜਾਵਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਮਜੀਠੀਆ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਦੇ ਕੇ ਡੇਰਾ ਸਿਰਸਾ ਦੇ ਮੁਖੀ ਨੂੰ ਆਗੂ ਮੰਨਿਆ ਹੈ। ਉਹ ਇੱਕ ਕੰਪਨੀ ਵਾਂਗ ਪਾਰਟੀ ਚਲਾ ਰਹੇ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਮੈਂ, ਬ੍ਰਹਮਪੁਰਾ ਤੇ ਢੀਂਡਸਾ ਨੇ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣ ਦੀ ਮੰਗ ਕੀਤੀ ਸੀ। ਵੱਡੇ ਬਾਦਲ ਨੇ ਸਾਡੀਆਂ ਗੱਲਾਂ 'ਤੇ ਕੋਈ ਅਮਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬਾਦਲ ਦੀ ਜਾਂ ਤਾਂ ਸੁਣੀ ਨਹੀਂ ਜਾ ਰਹੀ ਜਾਂ ਫਿਰ ਪੁੱਤਰ ਮੋਹ ਵਿੱਚ ਫਸੇ ਹੋਏ ਹਨ। ਸੇਖਵਾਂ ਨੇ ਮੰਨਿਆ ਕਿ ਅਸਤੀਫ਼ੇ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਰਾਬਤਾ ਕਾਇਮ ਹੋਇਆ ਸੀ। ਇਸ ਦੌਰਾਨ ਅਸੀਂ ਸੁਖਬੀਰ ਤੇ ਮਜੀਠੀਆ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਦੀ ਸ਼ਰਤ ਰੱਖੀ ਸੀ।
ਉਨ੍ਹਾਂ ਕਿਹਾ ਕਿ ਮੈਂ ਪਾਰਟੀ ਖਿਲਾਫ ਕੋਈ ਬਿਆਨਬਾਜ਼ੀ ਨਹੀਂ ਕੀਤੀ। ਮੈਂ ਅਕਾਲੀ ਦਲ ਦਾ ਨਹੀਂ ਸਗੋਂ ਪ੍ਰਧਾਨ ਸੁਖਬੀਰ ਬਾਦਲ ਦਾ ਵਿਰੋਧ ਕੀਤਾ ਹੈ। ਸੇਖਵਾਂ ਨੇ ਕਿਹਾ ਕਿ ਮੇਰੇ ਬਜ਼ੁਰਗਾਂ ਨੇ ਖੂਨ-ਪਸੀਨੇ ਨਾਲ ਪਾਰਟੀ ਸਿੰਜੀ ਹੈ। ਸਾਡੇ ਪੁਰਖਿਆਂ ਨੇ ਜੇਲ੍ਹਾਂ ਕੱਟ ਕੇ ਤੇ ਸ਼ਹਾਦਤਾਂ ਦੇ ਕੇ ਪਾਰਟੀ ਬਣਾਈ ਹੈ। ਉਨ੍ਹਾਂ ਕਿਹਾ ਕਿ ਮੇਰੇ ਘਰ ਦੀ ਦੋ ਵਾਰੀ ਕੁਰਕੀ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਖਹਿੜਾ ਛੱਡਣਾ ਚਾਹੀਦਾ ਹੈ। ਹੁਣ ਪਾਰਟੀ ਨੂੰ ਅਸੀਂ ਪੈਰਾਂ 'ਤੇ ਲੈ ਕੇ ਆਵਾਂਗੇ। 1920 ਵਾਲਾ ਅਕਾਲੀ ਦਲ ਮੁੜ ਸੁਰਜੀਤ ਕਰਾਂਗੇ। 2019 ਦੀ ਲੋਕ ਸਭਾ ਚੋਣ ਲਈ ਠੋਸ ਨੀਤੀ ਘੜਾਂਗੇ। ਬਾਦਲਾਂ ਨੂੰ ਪਾਰਟੀ ਤੋਂ ਲਾਂਭੇ ਕਰਾਂਗੇ। ਸੁਖਬੀਰ ਬਾਦਲ ਆਪਣੇ ਪਰਿਵਾਰ ਦਾ ਪ੍ਰਧਾਨ ਬਣ ਕੇ ਰਹਿ ਜਾਏਗਾ।
ਸੇਖਵਾਂ ਨੇ ਸਵਾਲ ਕੀਤਾ ਕਿ ਸੁਖਬੀਰ ਨੂੰ ਚੌਂਤੀ ਸਾਲ ਬਾਅਦ ਸਿੱਖ ਨਸਲਕੁਸ਼ੀ ਪੀੜਤਾਂ ਦੀ ਯਾਦ ਕਿਉਂ ਆਈ। ਉਨ੍ਹਾਂ ਮੰਗ ਕੀਤੀ ਕਿ 84 ਦੇ ਪੀੜਤਾਂ ਨੂੰ ਇਨਸਾਫ ਲਈ ਹਰਸਿਮਰਤ ਬਾਦਲ ਅਸਤੀਫਾ ਦੇਵੇ। ਇਸ ਦੇ ਨਾਲ ਹੀ ਉਨ੍ਹਾਂ ਖੁਲਾਸਾ ਕੀਤਾ ਕਿ ਸੁਖਬੀਰ ਤੇ ਮਜੀਠੀਆ ਮੈਨੂੰ ਹਰਾਉਣ ਦੀ ਸਾਜ਼ਿਸ਼ ਰਚਦੇ ਰਹੇ। ਸੇਖਵਾਂ ਨੇ ਕਿਹਾ ਕਿ ਕਿਸੇ ਵੇਲੇ ਅਕਾਲੀਆਂ ਨੂੰ ਲੋਕ ਰਖਵਾਲਾ ਸਮਝਦੇ ਸੀ। ਹੁਣ ਲੋਕ ਅਕਾਲੀ ਅਖਵਾਉਣ ਨੂੰ ਹੀ ਗਾਲ ਸਮਝਦੇ ਹਨ।