ਪਟਿਆਲਾ: ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਸੋਸ਼ਲ ਮੀਡੀਆ ਰਾਹੀਂ ਸਿੱਖ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ ਹੈ। ਇਸ ਰਣਨੀਤੀ ਤਹਿਤ ਪੰਜਾਬੀ ਸਿੱਖ ਨੌਜਵਾਨਾਂ ਨੂੰ ਉਕਸਾਉਣ ਲਈ ਪੈਸੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਨੌਜਵਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਉਨ੍ਹਾਂ ਨੂੰ ਵੱਡੀਆਂ ਵਾਰਦਾਤਾਂ ਕਰਵਾਉਣ ਲਈ ਉਕਸਾਇਆ ਜਾ ਰਿਹਾ ਹੈ। ਅਜਿਹਾ ਹੀ ਸ਼ਬਨਮਦੀਪ ਨਾਲ ਹੋਇਆ ਜੋ ਸੋਸ਼ਲ ਮੀਡੀਆ ਜ਼ਰੀਏ ਆਈਐਸਆਈ ਦੇ ਸੰਪਰਕ ਵਿੱਚ ਆਇਆ ਤੇ ਹਥਿਆਰਾਂ ਦੇ ਰਾਹ ਤੁਰ ਪਿਆ।

ਪ੍ਰਾਪਤਦ ਜਾਣਕਾਰੀ ਮੁਤਾਬਕ 10ਵੀਂ ਪਾਸ ਸ਼ਬਨਮਦੀਪ ਸਿੰਘ ਦੇ ਪਿਤਾ ਗੁਰਦਵਾਰਾ ਸਾਹਿਬ ਵਿੱਚ ਪਾਠੀ ਵਜੋਂ ਸੇਵਾ ਨਿਭਾਅ ਰਹੇ ਸਨ, ਜਿਸ ਦੇ ਬਾਅਦ ਸ਼ਬਨਮਦੀਪ ਵੀ ਉੱਥੇ ਪਾਠੀ ਦੀ ਸੇਵਾ ਨਿਭਾਉਣ ਲੱਗ ਪਿਆ। ਇਸ ਤੋਂ ਪਹਿਲਾਂ ਉਹ ਸਮਾਣਾ ਦੀ ਇੱਕ ਧਾਗਾ ਫੈਕਟਰੀ ਵਿੱਚ ਸਕਿਉਰਟੀ ਸਟਾਫ ਵਜੋਂ ਕੰਮ ਕਰਦਾ ਸੀ। ਕਈ ਮਹੀਨੇ ਪਹਿਲਾਂ ਸ਼ਬਨਮਦੀਪ ਅੰਮ੍ਰਿਤਸਰ ਸਥਿਤ ਚੌਕ ਮਹਿਤਾ ਗਿਆ ਸੀ, ਜਿੱਥੇ ਉਹ ਕੱਟੜਪੰਥੀਆਂ ਦੇ ਸੰਪਰਕ ਵਿੱਚ ਆਇਆ।

ਸ਼ਬਨਮਦੀਪ ਨੇ ਫੇਸਬੁੱਕ ’ਤੇ ਬਣੇ ਰੈਫਰੰਡਮ 2020  ਨੂੰ ਲਾਈਕ ਕੀਤਾ। ਇਸ ਪਿੱਛੋਂ ਗਰਮਖਿਆਲੀਆਂ ਨੇ ਉਸ ਨੂੰ ਆਪਣੇ ਸੰਪਰਕ ਵਿੱਚ ਲੈ ਲਿਆ ਤੇ ਉਸ ਦੀ ਵਿਚਾਰਧਾਰਾ ਨੂੰ ਜਾਣਿਆ। ਇਸ ਦੇ ਨਾਲ ਹੀ ਬਾਹਰੀ ਦੇਸ਼ਾਂ ਤੋਂ ਸ਼ਬਨਮਦੀਪ ਨੂੰ ਸੋਸ਼ਲ ਮੀਡੀਆ ਜ਼ਰੀਏ ਹੀ ਕਈ ਭੜਕਾਊ ਵੀਡੀਓ ਭੇਜੀਆਂ ਗਈਆਂ ਤੇ ਇਹ ਸਿਲਸਿਲਾ ਕਈ ਦਿਨਾਂ ਤਕ ਜਾਰੀ ਰਿਹਾ।

ਪੁਲਿਸ ਜਾਣਕਾਰਾਂ ਮੁਤਾਬਕ ਇਸੇ ਤਰੀਕੇ ਸ਼ਬਨਮਦੀਪ ਨੂੰ ਪੰਜਾਬ ਤੋਂ ਬਾਹਰ ਹਿੰਸਕ ਵਾਰਦਾਤਾਂ ਕਰਾਉਣ ਲਈ ਰਾਜ਼ੀ ਕਰ ਲਿਆ ਗਿਆ। ਸ਼ਬਨਮਦੀਪ ਸਿੰਘ ਨੇ ਇਸ ਕੰਮ ਨੂੰ ਅੰਜਾਮ ਦੇਣ ਲਈ ਪਿੰਡ ਰਤਨਗੜ੍ਹ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਨੂੰ ਆਪਣੇ ਨਾਲ ਮਿਲਾ ਲਿਆ ਤੇ ਬਾਅਦ ਵਿੱਚ ਗੁਰਸੇਵਕ ਨੇ ਵੀ ਆਪਣੇ ਹੋਰ ਕਰੀਬੀ ਨੂੰ ਆਪਣੇ ਨਾਲ ਜੋੜਿਆ।

ਖੰਨਾ ਹਾਈਵੇ ਤੋਂ ਗ੍ਰੇਨੇਡ ਹਾਸਲ ਕਰਨ ਬਾਅਦ ਇਨ੍ਹਾਂ ਇਕੱਠਿਆ ਪਹਿਲੀ ਨਵੰਬਰ ਨੂੰ ਪਟਿਆਲਾ ਵਿੱਚ ਧਮਾਕਾ ਕਰਨ ਦਾ ਫੈਸਲਾ ਕੀਤਾ ਪਰ ਕੁਝ ਦਿਨ ਪਹਿਲਾਂ ਹੀ ਗੁਰਸੇਵਕ ਸਿੰਘ ਡਕੈਤੀ ਦੇ ਇੱਕ ਕੇਸ ਵਿੱਚ ਪਟਿਆਲਾ ਪੁਲਿਸ ਦੀ ਹੱਥੇ ਚੜ੍ਹ ਗਿਆ ਤੇ ਇਸੇ ਕਾਰਨ ਸ਼ਬਨਮਦੀਪ ਦਾ ਉਸ ਨਾਲੋਂ ਸੰਪਰਕ ਟੁੱਟ ਗਆ।

ਦੂਜੇ ਪਾਸੇ ਉੱਤੋਂ ਦਬਾਅ ਵਧਦਾ ਵੇਖ ਸ਼ਬਨਮਦੀਪ ਇਕੱਲਾ ਹੈ ਹੈਂਡ ਗ੍ਰੇਨੇਡ ਤੇ ਪਿਸਤੌਲ ਲੈ ਕੇ ਪਟਿਆਲਾ ਬੱਸ ਸਟੈਂਡ ਚਲਾ ਗਿਆ ਪਰ ਇੰਟੈਲੀਜੈਂਸ ਨੂੰ ਇਸ ਦੀ ਸੂਹ ਮਿਲ ਗਈ ਸੀ। ਪਟਿਆਲਾ ਪੁਲਿਸਸ ਨੇ ਬੱਸ ਸਟੈਂਡ ਤੋਂ ਹੀ ਸ਼ਬਨਮਦੀਪ ਨੂੰ ਧਰ ਦਬੋਚਿਆ। ਹੁਣ ਸ਼ਬਨਮਦੀਪ 6 ਨਵੰਬਰ ਤਕ ਪੁਲਿਸ ਰਿਮਾਂਡ ’ਤੇ ਹੈ। ਪੁਲਿਸ ਨੂੰ ਉਸ ਕੋਲੋਂ ਕਈ ਖ਼ੁਲਾਸੇ ਹੋਣ ਦੀ ਉਮੀਦ ਹੈ।