ਭੀਖੀ : ਮਾਨਸਾ ਦੇ ਕਸਬਾ ਭੀਖੀ ਵਿੱਚ HDFC ਬੈਂਕ ਵਿਚੋ ਪਿੰਡ ਸਮਾਓ ਵਾਸੀ ਗੁਲਜਾਰ ਸਿੰਘ ਤੇ ਉਸ ਦਾ ਸਾਥੀ ਦਰਸਨ ਸਿੰਘ ਚਾਰ ਲੱਖ ਰੁਪਏ ਕੱਢਵਾ ਕੇ ਬਾਹਰ ਨਿਕਲ ਰਹੇ ਸਨ ਕਿ ਬੈਂਕ ਦੇ ਬਾਹਰ ਖੜੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਪੈਸਿਆਂ ਵਾਲਾ ਝੋਲਾ ਖੋਹ ਕੇ ਭੱਜ ਨਿਕਲੇ। ਬਜ਼ੁਰਗ ਨੇ ਓਥੇ ਮੌਜੂਦ ਲੋਕਾਂ ਦੇ ਸਹਿਯੋਗ ਨਾਲ ਇੱਕ ਨੂੰ ਮੌਕੇ ਤੋਂ ਕਾਬੂ ਕਰ ਲਿਆ ਜਦਕਿ ਝੋਲਾ ਲੈ ਕੇ ਭੱਜਣ ਵਾਲੇ ਦੂਸਰੇ ਨੌਵਜਾਨ ਨੂੰ ਪਿੱਛਾ ਕਰਕੇ ਕਾਬੂ ਕਰ ਲਿਆ। ਇਸ ਮੌਕੇ ਤੇ ਮੌਜੂਦ ਲੋਕਾਂ ਨੇ ਤੈਸ਼ ਵਿੱਚ ਆ ਕੇ ਫੜੇ ਨੌਜਵਾਨ ਦਾ ਕੁਟਾਪਾ ਕਰਨ ਤੋਂ ਬਾਦ ਪੁਲਿਸ ਦੇ ਹਵਾਲੇ ਕਰ ਦਿੱਤਾ। ਉਥੇ ਥਾਣਾ ਭੀਖੀ ਪੁਲਿਸ ਵੱਲੋਂ ਪੀੜਤ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



ਚਾਰ ਲੱਖ ਰੁਪਏ ਦੀ ਲੁੱਟ ਦਾ ਸ਼ਿਕਾਰ ਹੋਏ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਅਸੀਂ ਕਰੀਬ 11 ਵਜੇ ਬੈਂਕ ਵਿੱਚੋਂ ਚਾਰ ਲੱਖ ਰੁਪਏ ਕੱਢਵਾ ਕੇ ਬਾਹਰ ਆਏ ਤਾਂ ਬਾਹਰ ਮੋਟਰਸਾਈਕਲ ਲੈ ਕੇ ਖੜ੍ਹੇ 2 ਨੌਜਵਾਨਾਂ ਨੇ ਝਪਟ ਮਾਰ ਕੇ ਪੈਸੇ ਖੋਹ ਲਏ। ਉਹਨਾਂ ਦੱਸਿਆ ਕਿ ਮੈਂਨੇ ਉਨ੍ਹਾਂ ਨੂੰ ਜੱਫਾ ਪਾ ਕੇ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਕ ਨੌਜਵਾਨ ਪੈਸਿਆਂ ਵਾਲਾ ਥੈਲਾ ਲੈ ਕੇ ਫਰਾਰ ਹੋ ਗਿਆ ਜਦਕਿ ਦੂਜੇ ਨੌਜਵਾਨ ਨੂੰ ਉਥੇ ਮੌਜੂਦ ਲੋਕਾਂ ਦੇ ਸਹਿਯੋਗ ਨਾਲ ਕਾਬੂ ਕਰ ਲਿਆ। ਉਨ੍ਹਾਂ ਕਿਹਾ ਕਿ ਇੰਨੇ ਵਿੱਚ ਕੁਝ ਹੋਰ ਲੋਕ ਵੀ ਮੌਕੇ ਤੇ ਆ ਗਏ ਤੇ ਪਿੱਛਾ ਕਰਕੇ ਪੈਸਿਆਂ ਵਾਲਾ ਥੈਲਾ ਖੋਹ ਕੇ ਫ਼ਰਾਰ ਹੋਏ ਨੌਜਵਾਨ ਨੂੰ ਵੀ ਕਾਬੂ ਕਰ ਲਿਆ, ਜਿਸ ਕੋਲੋਂ ਸਾਢੇ ਤਿੰਨ ਲੱਖ ਰੁਪਏ ਬਰਾਮਦ ਕਰ ਲਏ ਹਨ, ਜਿਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਥਾਣਾ ਭੀਖੀ ਦੇ ਐਸ.ਐਚ.ਓ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪਿੰਡ ਸਮਾਓ ਵਾਸੀ ਗੁਲਜ਼ਾਰ ਸਿੰਘ ਭੀਖੀ ਦੇ ਐਚ.ਡੀ.ਐਫ.ਸੀ. ਬੈਂਕ ਵਿੱਚੋਂ ਚਾਰ ਲੱਖ ਰੁਪਏ ਕੱਢਵਾ ਕੇ ਜਦੋਂ ਬੈਂਕ ਤੋਂ ਬਾਹਰ ਨਿਕਲਣ ਲੱਗਿਆ ਤਾਂ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਝਪਟਾ ਮਾਰਕੇ ਪੈਸਿਆਂ ਵਾਲਾ ਲਿਫ਼ਾਫ਼ਾ ਖੋਹ ਲਿਆ। ਉਹਨਾਂ ਦੱਸਿਆ ਕਿ ਬਜ਼ੁਰਗ ਨੇ ਤਕੜੇ ਹੋ ਕੇ ਲੋਕਾਂ ਦੇ ਸਹਿਯੋਗ ਨਾਲ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਜਦਕਿ ਦੂਸਰਾ ਨੌਜਵਾਨ ਮੌਕੇ ਤੋਂ ਭੱਜ ਗਿਆ। ਉਹਨਾਂ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਤਫਤੀਸ਼ ਜਾਰੀ ਹੈ।