ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ...
ਏਬੀਪੀ ਸਾਂਝਾ | 29 Nov 2017 08:51 AM (IST)
ਚੰਡੀਗੜ੍ਹ : ਅਮਰੀਕਾ ਦੇ ਜੈਕਸਨ ਸ਼ਹਿਰ ਵਿਚ ਇਕ 21 ਸਾਲਾ ਪੰਜਾਬੀ ਨੌਜਵਾਨ ਦੀ ਲੁਟੇਰਿਆਂ ਵੱਲੋ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿ੍ਰਤਕ ਦੀ ਪਛਾਣ ਸੰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਨਿਊ ਡਿਫੈਂਸ ਕਾਲੋਨੀ ਫੇਸ 1 ਵਜੋ ਹੋਈ ਹੈ। ਰਾਮਾ ਮੰਡੀ ਥਾਣੇ 'ਚ ਮੁਣਸ਼ੀ ਵਜੋ ਤਾਇਨਾਤ ਸੰਦੀਪ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਸੰਦੀਪ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਉਹ 10+2 ਪਾਸ ਕਰਨ ਤੋ ਬਾਅਦ ਅਮਰੀਕਾ ਰਿਸ਼ਤੇਦਾਰਾਂ ਕੋਲ ਪਿਛਲੇ ਸਾਢੇ ਤਿੰਨ ਸਾਲਾਂ ਤੋ ਗਰੋਸਰੀ ਸਟੋਰ 'ਤੇ ਕੰਮ ਕਰ ਰਿਹਾ ਸੀ। ਸੰਦੀਪ ਦੀ ਮੌਤ ਦੀ ਖ਼ਬਰ ਕੱਲ੍ਹ ਦੇਰ ਸ਼ਾਮ ਪਤਾ ਲੱਗੀ। ਉਸ ਨੇ 7 ਵਜੇ ਸਟੋਰ ਤੋ ਕੰਮ ਛੱਡ ਕੇ ਘਰ ਜਾਣਾ ਸੀ ਕਿ ਅਚਾਨਕ ਹੀ ਉਸ ਦੀ ਗੱਡੀ ਖ਼ਰਾਬ ਹੋ ਗਈ। ਉਸ ਨੇ ਆਪਣੇ ਚਾਚੇ ਨੂੰ ਫੋਨ ਕੀਤਾ ਕਿ ਉਸ ਦੀ ਗੱਡੀ ਖ਼ਰਾਬ ਹੈ ਤੇ ਉਹ ਅੱਜ ਸਟੋਰ 'ਤੇ ਹੀ ਸੌਂ ਜਾਵੇਗਾ। ਰਾਤ 11 ਵਜੇ ਸੰਦੀਪ ਦਾ ਫੋਨ ਆਇਆ ਕਿ ਉਸ ਦੀ ਗੱਡੀ ਸਟਾਰਟ ਹੋ ਗਈ ਹੈ ਉਹ ਘਰ ਨੂੰ ਜਾ ਰਿਹਾ ਹੈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਦੇ ਘਰ ਵੜਦਿਆਂ ਹੀ ਲੁਟੇਰੇ ਉਸ ਦੇ ਮਗਰ ਹੀ ਅੰਦਰ ਜਾ ਵੜੇ ਪੈਸੇ ਅਤੇ ਮੋਬਾਈਲ ਖੋਹਣ ਤੋ ਬਾਅਦ ਉਨ੍ਹਾਂ ਸੰਦੀਪ ਦੇ ਢਿੱਡ ਵਿਚ ਗੋਲੀ ਮਾਰ ਦਿੱਤੀ। ਲੁਟੇਰਿਆਂ ਦੇ ਜਾਣ ਮਗਰੋ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।