ਮੋਗਾ : ਬਾਦਲ ਪਰਿਵਾਰ ਦੀਆਂ ਬੱਸਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ। ਇਸ ਦੀ ਉਦਾਹਰਨ ਦੇਖਣ ਨੂੰ ਮਿਲੀ ਹੈ ਬਾਘਾਪੁਰਾਣਾ ਵਿਖੇ ਜਿੱਥੇ ਪੁਲਿਸ ਨੇ ਬਾਦਲਾਂ ਦੀ ਮਾਲਕੀ ਵਾਲੀ ਔਰਬਿਟ ਬੱਸ ਦੇ ਸ਼ੀਸ਼ੇ ਤੋੜਨ ਦੇ ਦੋਸ਼ ਹੇਠ ਦੋ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਬਾਘਾਪੁਰਾਣਾ ਥਾਣਾ ਮੁਖੀ ਸਬ ਇੰਸਪੈਕਟਰ ਗੁਰਦੀਪ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਔਰਬਿਟ ਬੱਸ (ਨੰਬਰ ਪੀਬੀ03-ਏ 7516) ਕੋਟਕਪੂਰਾ ਤੋਂ ਮੋਗਾ ਆ ਰਹੀ ਸੀ। ਇਸ ਦੌਰਾਨ ਮੋਗਾ-ਕੋਟਕਪੂਰਾ ਮਾਰਗ ਉੱਤੇ ਸਥਿਤ ਗੁਰੂ ਤੇਗ਼ ਬਹਾਦਰ ਕਾਲਜ, ਰੋਡੇ ਦੇ ਕੁੱਝ ਵਿਦਿਆਰਥੀਆਂ ਨੇ ਬੱਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਔਰਬਿਟ ਬੱਸ ਚਾਲਕ ਨੇ ਬੱਸ ਨਾ ਰੋਕੀ ਤਾਂ ਦੋਵੇਂ ਵਿਦਿਆਰਥੀ ਮੋਟਰਸਾਈਕਲ ਉੱਤੇ ਪਿੱਛਾ ਕਰਦਿਆਂ ਬਾਘਾਪੁਰਾਣਾ ਬੱਸ ਅੱਡੇ ਵਿੱਚ ਪਹੁੰਚ ਗਏ ਜਿੱਥੇ ਪਹਿਲਾਂ ਹੀ ਕੁੱਝ ਹੋਰ ਵਿਦਿਆਰਥੀ ਮੌਜੂਦ ਸਨ। ਘਟਨਾ ਦੀ ਸੂਚਨਾ ਔਰਬਿਟ ਬੱਸ ਕੰਪਨੀ ਦੇ ਕਰਮੀਆਂ ਨੇ ਪੁਲੀਸ ਨੂੰ ਦਿੱਤੀ। ਪੁਲੀਸ ਅਨੁਸਾਰ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਕਿ ਵਿਦਿਆਰਥੀਆਂ ਨੇ ਬੱਸ ਚਾਲਕ ਦੀ ਕੁੱਟ-ਮਾਰ ਕੀਤੀ ਅਤੇ ਬੱਸ ਦੇ ਸ਼ੀਸ਼ੇ ਤੋੜ ਦਿੱਤੇ। ਇਸ ਤੋਂ ਬਾਅਦ ਪੁਲਿਸ ਨੇ ਕਾਲਜ ਦੇ ਦੋ ਵਿਦਿਆਰਥੀਆਂ ਅਰਸ਼ਦੀਪ ਸਿੰਘ ਪਿੰਡ ਜੀਵਨ ਵਾਲਾ ਜ਼ਿਲ੍ਹਾ ਫ਼ਰੀਦਕੋਟ ਅਤੇ ਹਰਪ੍ਰੀਤ ਸਿੰਘ ਪਿੰਡ ਅਮਰਗੜ੍ਹ ਜ਼ਿਲ੍ਹਾ ਬਠਿੰਡਾ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ ਦਾ ਮੋਟਰਸਾਈਕਲ ਵੀ ਕਬਜ਼ੇ ਵਿੱਚ ਕਰ ਲਿਆ।