ਬਰਨਾਲਾ: ਜ਼ਿਲ੍ਹਾ ਬਰਨਾਲਾ ਦੀ ਇੱਕ 22 ਸਾਲਾ ਲੜਕੀ ਨੇ ਇਲਜ਼ਾਮ ਲਾਏ ਹਨ ਕਿ ਲਗਾਤਾਰ 8 ਮਹੀਨੇ ਉਸ ਨਾਲ ਬਲਾਤਕਾਰ ਹੋਇਆ ਹੈ।ਪੁਲਿਸ ਵਲੋਂ ਹੁਣ ਤੱਕ ਇਸ ਮਾਮਲੇ ਵਿੱਚ 2 ਔਰਤਾਂ ਸਮੇਤ ਕੁੱਲ 7 ਲੋਕਾਂ ’ਤੇ ਪਰਚਾ ਦਰਜ਼ ਕੀਤਾ ਗਿਆ ਹੈ।ਇਸ ਤੋਂ ਇਲਾਵਾ ਮਾਮਲੇ ਦੀ ਜਾਂਚ ਕਰਨ ਵਾਲੇ ਤਿੰਨ ਥਾਣੇਦਾਰਾਂ ਨੂੰ ਵੀ ਮੁਅੱਤਲ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਪੁਲਿਸ ਮੁਲਾਜ਼ਮਾਂ ’ਤੇ ਪੀੜਤ ਲੜਕੀ ਨੂੰ ਡਰਾਉਣ ਧਮਕਾਉਣ ਦੇ ਦੋਸ਼ ਲੱਗੇ ਹਨ। ਉਧਰ ਕਾਰਵਾਈ ਕਰਦਿਆਂ ਪੁਲਿਸ ਨੇ ਪੀੜਤ ਲੜਕੀ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਕੇ ਮੈਡੀਕਲ ਉਪਰੰਤ ਮੈਜਿਸਟ੍ਰੇਟ ਕੋਲ ਬਿਆਨ ਦਰਜ ਕਰਵਾ ਦਿੱਤੇ ਹਨ।
ਬਰਨਾਲਾ ਦੇ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਵਿੱਚ 10 ਜੁਲਾਈ 2020 ਵਿੱਚ ਇੱਕ ਮਾਮਲਾ ਪੀੜਤ ਲੜਕੀ ਦੀ ਮਾਤਾ ਦੇ ਬਿਆਨਾਂ ਤੇ ਦਰਜ਼ ਕੀਤਾ ਗਿਆ ਸੀ। ਜਿਸ ਵਿੱਚ ਪੀੜਤਾ ਦੀ ਮਾਤਾ ਨੇ ਕਿਰਾਏਦਾਰ ਔਰਤ ’ਤੇ ਉਹਨਾਂ ਦੀ ਲੜਕੀ ਨੂੰ ਅਗਵਾਹ ਕਰਨ ਦੇ ਦੋਸ਼ ਲਗਾਏ ਸੀ।ਇਸ ਉਪਰੰਤ ਚੱਲਦੀ ਜਾਂਚ ਦੌਰਾਨ 28 ਜੁਲਾਈ 2020 ਨੂੰ ਲੜਕੀ ਨੇ ਮੈਜਿਸਟ੍ਰੇਟ ਕੋਲ ਬਿਆਨ ਦਰਜ ਕਰਵਾਏ ਕਿ ਉਹ ਬਾਲਗ ਹੈ ਅਤੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਕੇ ਰਹਿਣਾ ਚਾਹੁੰਦੀ ਹੈ।
ਟਿਵਾਣਾ ਨੇ ਦੱਸਿਆ ਕਿ 23 ਫਰਵਰੀ ਨੂੰ ਪੀੜਤਾ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ।ਜਿਸ ਮਗਰੋਂ ਪੀੜਤ ਨੂੰ ਮੁੜ ਮੈਜਿਸਟ੍ਰੇਟ ਕੋਲ ਬਿਆਨਾਂ ਲਈ ਪੇਸ਼ ਕੀਤਾ ਗਿਆ।ਬਿਆਨਾਂ ਵਿੱਚ ਲੜਕੀ ਨੇ ਕਿਹਾ ਕਿ ਉਸਦਾ ਧੱਕੇ ਨਾਲ ਵਿਆਹ ਕਰਕੇ ਬਲਾਤਕਾਰ ਕੀਤਾ ਗਿਆ।ਇਸਦੇ ਨਾਲ ਹੀ ਉਸਨੇ 3 ਥਾਣੇਦਾਰਾਂ 'ਤੇ ਡਰਾਉਣ ਧਮਕਾਉਣ ਦੇ ਦੋਸ਼ ਲਗਾਏ। ਜਿਸ ਮਗਰੋਂ ਤਿੰਨਾਂ ਥਾਣੇਦਾਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।