Punjab News: ਮਹਿਲ ਕਲਾਂ, ਬਰਨਾਲਾ ਦੀ 23 ਸਾਲਾ ਲੜਕੀ ਦਿਲਪ੍ਰੀਤ ਕੌਰ ਦੀ ਕੈਨੇਡਾ ਵਿੱਚ ਮੌਤ ਹੋ ਗਈ। ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਦਿਲਪ੍ਰੀਤ ਕੌਰ 2 ਸਾਲ ਪਹਿਲਾਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਪੜ੍ਹਾਈ ਕਰਨ ਗਈ ਸੀ। ਉਹ ਵਿਆਹ ਕਰਵਾ ਕੇ ਗਈ ਸੀ, ਜਿਸ ਤੋਂ ਬਾਅਦ ਮੁੰਡਾ ਵੀ ਚਲਾ ਗਿਆ ਸੀ।
ਮ੍ਰਿਤਕ ਕੁੜੀ ਦੀ ਉਮਰ ਸਿਰਫ਼ 23 ਸਾਲ ਸੀ। ਰਿਸ਼ਤੇਦਾਰਾਂ ਨੇ ਦੱਸਿਆ ਕਿ ਕੈਨੇਡਾ ਵਿੱਚ ਉਸ ਦੇ ਨਾਲ ਰਹਿੰਦੇ ਉਸ ਦੇ ਪਤੀ ਨੇ ਫੋਨ ਕਰਕੇ ਦੱਸਿਆ ਕਿ ਦਿਲਪ੍ਰੀਤ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਬਾਅਦ ਵਿੱਚ ਜਦੋਂ ਦੁਬਾਰਾ ਫੋਨ ਆਇਆ ਤਾਂ ਉਸਦੇ ਪਤੀ ਨੇ ਦੱਸਿਆ ਕਿ ਰਸਤੇ ਵਿੱਚ ਐਂਬੂਲੈਂਸ ਵਿੱਚ ਦਿਲਪ੍ਰੀਤ ਕੌਰ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਅਜੇ ਤੱਕ ਮੌਤ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦਿਲਪ੍ਰੀਤ ਪਹਿਲਾਂ ਕਦੇ ਬਿਮਾਰ ਨਹੀਂ ਹੋਈ ਸੀ। ਉਨ੍ਹਾਂ ਕਿਹਾ ਕਿ ਲੜਕੀ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਉੱਥੋਂ ਦੇ ਡਾਕਟਰਾਂ ਨਾਲ ਰਾਬਤਾ ਚੱਲ ਰਿਹਾ ਹੈ।
ਬਜ਼ੁਰਗਾਂ ਨੇ ਦੱਸਿਆ ਕਿ ਦਿਲਪ੍ਰੀਤ ਦੇ ਪਿਤਾ ਦੀ ਕਰੀਬ 8-9 ਸਾਲ ਪਹਿਲਾਂ ਮੌਤ ਹੋ ਗਈ ਸੀ। ਦਿਲਪ੍ਰੀਤ ਦੀ ਮਾਂ ਨੇ ਆਪਣੇ ਬੇਟੇ ਅਤੇ ਬੇਟੀ ਦੋਵਾਂ ਨੂੰ ਬੜੀ ਮੁਸ਼ਕਲ ਨਾਲ ਪੜ੍ਹਾ ਲਿਖਾ ਕੇ ਇਸ ਕਾਬਿਲ ਬਣਾਇਆ ਸੀ। ਹੁਣ ਧੀ ਦੀ ਮੌਤ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਮਾਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ, ਮਾਂ ਦੇ ਵੈਣ ਦੇਖੇ ਨਹੀਂ ਜਾ ਰਹੇ।