ਗੁਰਦਾਸਪੁਰ: ਨਵੇਂ ਸਾਲ ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਬੈਠੇ ਤਿੰਨ ਨੌਜਵਾਨਾਂ ਨੂੰ ਗੁਰਦਾਸਪੁਰ ਪੁਲਿਸ ਨੇ ਸਰਹੱਦੀ ਕਸਬਾ ਕਲਾਨੌਰ ਦੇ ਰੁਡਿਆਣਾ ਮੋੜ ਤੋਂ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਇਨ੍ਹਾਂ ਫੜੇ ਗਏ ਨੌਜਵਾਨਾਂ ਤੋਂ ਇਕ 32 ਬੋਰ ਦਾ ਪਿਸਤੌਲ, ਇਕ 315 ਬੋਰ ਦਾ ਦੇਸੀ ਕੱਟਾ, ਦੋ ਮੈਗਜ਼ੀਨ ਅਤੇ 26 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ। ਇਹ ਨੌਜਵਾਨ ਨਸ਼ਾ ਵੇਚਣ ਅਤੇ ਕਰਨ ਦੇ ਆਦੀ ਸਨ ਇਨ੍ਹਾਂ ਦੇ ਕੋਲੋਂ ਮੌਕੇ ਤੇ ਇੱਕ ਲੱਖ ਰੁਪਏ ਡਰੱਗ ਮਨੀ ਅਤੇ 281 ਗ੍ਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਗਿਆ ਹੈ। ਫਿਲਹਾਲ ਪੁਲਿਸ ਨੇ ਇਨ੍ਹਾਂ ਤਿੰਨਾਂ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਅਗਲੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਕਲਾਨੌਰ ਦੇ ਐੱਸ ਐੱਚ ਓ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਮੁਖ਼ਬਰ ਖਾਸ ਤੋਂ ਇਤਲਾਹ ਮਿਲੀ ਸੀ ਕਿ ਕੁਝ ਨੌਜਵਾਨ ਨਸ਼ਾ ਵੇਚਣ ਦੇ ਲਈ ਸਰਹੱਦੀ ਕਸਬਾ ਕਲਾਨੌਰ ਦੇ ਨੇੜੇ ਤੇੜੇ ਆਏ ਹੋਏ ਹਨ ਜਿਸ ਤੇ ਪੁਲਿਸ ਪਾਰਟੀ ਨੇ ਰੁਡਿਆਣਾ ਮੋੜ ਤੇ ਨਾਕੇਬੰਦੀ ਕੀਤੀ ਹੋਈ ਸੀ ਅਤੇ ਡੇਰਾ ਬਾਬਾ ਨਾਨਕ ਸਾਈਡ ਤੋਂ ਆ ਰਹੀ ਇਕ ਲਾਂਸਰ ਕਾਰ ਨੂੰ ਰੋਕ ਕੇ ਜਦੋਂ ਉਸ ਦੀ ਚੈਕਿੰਗ ਕੀਤੀ ਗਈ ਤਾਂ ਇਨ੍ਹਾਂ ਵਿਚ ਬੈਠੇ ਤਿੰਨਾਂ ਨੌਜਵਾਨਾਂ ਦੇ ਕੋਲੋਂ 32 ਬੋਰ ਦਾ ਪਿਸਤੌਲ ਇਕ 315 ਬੋਰ ਦਾ ਦੇਸੀ ਕੱਟਾ ਦੋ ਮੈਗਜ਼ੀਨ ਅਤੇ 26 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਗੱਡੀ ਵਿੱਚ ਬੈਠੇ ਤਿੰਨੇ ਨੌਜਵਾਨ ਅਮਨਦੀਪ ਸਿੰਘ ਪੁੱਤਰ ਹਰਵਿੰਦਰ ਸਿੰਘ, ਅਨਮੋਲਪ੍ਰੀਤ ਸਿੰਘ ਪੁੱਤਰ ਦਵਿੰਦਰ ਸਿੰਘ ,ਚਾਰਲਸ ਮਸੀਹ ਪੁੱਤਰ ਇੰਦਰਜੀਤ ਨੂੰ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਤੋਂ ਅਗਲੀ ਪੁੱਛਗਿੱਛ ਕੀਤੀ ਜਾ ਸਕੇ।