ਬਠਿੰਡਾ: ਵਿਧਾਨਸਭਾ ਹਲਕਾ ਮੌੜ ਦੇ ਪਿੰਡ ਭੈਣੀ ਚੂਹੜ ਵਿੱਚ ਵੀਰਵਾਰ ਨੂੰ ਖ਼ੂਨੀ ਝੜਪ 'ਚ ਤਿੰਨ ਜਣੇ ਜ਼ਖ਼ਮੀ ਹੋ ਗਏ। ਦਰਅਸਲ ਸਾਬਕਾ ਚੇਅਰਮੈਨ ਸੁਖਰਾਜ ਨੱਤ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਲਈ ਵੋਟਾਂ ਮੰਗ ਰਹੇ ਸਨ। ਸਭਾ ਮਗਰੋਂ ਉਨ੍ਹਾਂ ਨੂੰ ਸਵਾਲ ਪੁੱਛਣ ਲਈ ਕਾਂਗਰਸੀ ਵਰਕਰ ਤੇ ਸਵਾਲ ਪੁੱਛਣ ਵਾਲੇ ਆਪਸ ਵਿੱਚ ਭਿੜ ਗਏ। ਜ਼ਖ਼ਮੀ ਤਿੰਨਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।


ਇਸ ਬਾਰੇ ਥਾਣਾ ਮੌੜ ਦੇ ਐਸਐਚਓ ਦਿਲਬਾਗ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਪਿੱਛੋਂ ਦੋਵਾਂ ਪੱਖਾਂ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਜਾਏਗੀ। ਜ਼ਖ਼ਮੀਆਂ ਦੀ ਪਛਾਣ ਕਪੂਰ ਸਿੰਘ, ਅੰਮ੍ਰਿਤਪਾਲ ਸਿੰਘ ਤੇ ਅਜੈਬ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਪੂਰ ਸਿੰਘ ਕਾਂਗਰਸ ਜਦਕਿ ਅੰਮ੍ਰਿਤਪਾਲ ਸਿੰਘ ਤੇ ਅਜੈਬ ਸਿੰਘ ਸੁਖਪਾਲ ਖਹਿਰਾ ਦੇ ਸਮਰਥਕ ਹਨ।

ਪਿੰਡ ਭੈਣੀ ਚੂਹੜ ਵਿੱਚ ਕਾਂਗਰਸ ਲੀਡਰ ਸੁਖਰਾਜ ਰਾਜਾ ਵੜਿੰਗ ਲਈ ਵੋਟਾਂ ਮੰਗ ਰਹੇ ਸੀ ਤਾਂ ਅੰਮ੍ਰਿਤਪਾਲ ਤੇ ਅਜੈਬ ਸਿੰਘ ਨੇ ਉਨ੍ਹਾਂ ਤੋਂ ਵਿਕਾਸ ਲਈ ਆਈ ਗਰਾਂਟ ਵਿੱਚੋਂ ਖ਼ਰਚ ਨਾ ਹੋਣ ਬਾਰੇ ਸਵਾਲ ਪੁੱਛੇ। ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ। ਇਸੇ ਕਰਕੇ ਸਭਾ ਖ਼ਤਮ ਹੋਣ ਮਗਰੋਂ ਵਰਕਰਾਂ ਤੇ ਸਵਾਲ ਪੁੱਛਣ ਵਾਲਿਆਂ ਵਿੱਚ ਝੜਪ ਹੋ ਗਈ।