ਲੁਧਿਆਣਾ: ਸ਼ਰਾਬ ਮਾਫ਼ੀਆ ਦੇ ਮਾਮਲੇ ਦੇ ਵਿੱਚ ਅੱਜ ਲੁਧਿਆਣਾ ਪੁਲਿਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।ਜਿਨ੍ਹਾਂ ਦੀ ਸ਼ਨਾਖਤ ਸੋਨੂੰ, ਸਾਵਣ ਅਤੇ ਜਸਪ੍ਰੀਤ ਵਜੋਂ ਹੋਈ ਹੈ। ਇਨ੍ਹਾਂ ਮੁਲਜ਼ਮਾਂ ਤੋਂ ਪੁਲਿਸ ਨੇ 8 ਕੱਚੀ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ।



ਜੁਆਇੰਟ ਸੀਪੀ ਭਗੀਰਥ ਸਿੰਘ ਮੀਨਾ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 3 ਮੁਲਜ਼ਮਾਂ ਨੂੰ ਨਜਾਇਜ਼ ਸ਼ਰਾਬ ਵੇਚਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਮੁਲਜ਼ਮ ਰਾਜਗੜ੍ਹ ਪਿੰਡ ਤੋਂ ਲਿਆ ਕੇ ਕੱਚੀ ਸ਼ਰਾਬ ਸ਼ਹਿਰ 'ਚ ਵੇਚਦੇ ਸਨ।



ਉਨ੍ਹਾਂ ਅੱਗੇ ਕਿਹਾ ਕਿ 8 ਕੱਚੀ ਸ਼ਰਾਬ ਦੀਆਂ ਬੋਤਲਾਂ ਵੀ ਮੁਲਜ਼ਮਾਂ ਕੋਲੋਂ ਬਰਾਮਦ ਕੀਤੀਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਜਸਪ੍ਰੀਤ ਨਾਂ ਦੇ ਮੁਲਜ਼ਮ ਨੇ ਮੰਨਿਆ ਕਿ ਉਸ ਤੇ ਪਹਿਲਾਂ ਵੀ ਭੁੱਕੀ ਵੇਚਣ ਦਾ ਮਾਮਲਾ ਦਰਜ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਹੋਰ ਵੀ ਪੁਛਗਿੱਛ ਤੋਂ ਬਾਅਦ ਕਈ ਖੁਲਾਸੇ ਹੋ ਸਕਦੇ ਹਨ।