ਬਿਜਲੀ ਨਾਲ ਝੁਲਸੇ ਤਿੰਨ ਵਿਦਿਆਰਥੀ
ਏਬੀਪੀ ਸਾਂਝਾ | 30 Jul 2016 07:57 AM (IST)
ਸਮਾਣਾ: ਪਿੰਡ ਬੁਜਰਕ ਦੇ ਸਰਕਾਰੀ ਸਕੂਲ ਦੇ ਤਿੰਨ ਬੱਚੇ ਕੰਰਟ ਨਾਲ ਝੁਲਸ ਗਏ। ਇਹ ਹਾਦਸਾ ਖੇਡ ਮੈਦਾਨ ਵਿੱਚ ਬਣੇ ਕਮਰੇ ਦੀ ਛਤ ਨਾਲ ਬਿਜਲੀ ਦੀਆਂ ਹਾਈ ਵੋਲਟੇਜ਼ ਤਾਰਾਂ ਲੰਘਣ ਨਾਲ ਵਾਪਰਿਆ। ਪਤਾ ਲੱਗਾ ਹੈ ਕਿ ਸਕੂਲ ਪ੍ਰਸਾਸ਼ਨ ਤੇ ਪੰਚਾਇਤ ਦੀ ਲਾਪ੍ਰਵਾਹੀ ਨਾਲ ਕਮਰਾ ਤਾਰਾਂ ਹੇਠ ਬਣਾਇਆ ਗਿਆ ਸੀ। ਪਾਵਰਕਾਮ ਦੇ ਅਧਿਕਾਰੀਆ ਨੇ ਜਲਦੀ ਤਾਰਾਂ ਸਕੂਲ ਤੋਂ ਬਾਹਰ ਕੱਢਣ ਦਾ ਭਰੋਸਾ ਦਿੱਤਾ ਹੈ। ਦਰਅਸਲ ਬੁਜਰਕ ਦੇ ਸਰਕਾਰੀ ਮਿਡਲ ਸਕੂਲ ਦੇ ਤਿੰਨ ਵਿਦਿਆਰਥੀ ਸਕੂਲ ਦੇ ਖੇਡ ਮੈਦਾਨ ਵਿੱਚ ਬਣੇ ਕਮਰੇ ਦੀ ਛੱਤ ਨਾਲ ਹਾਈ ਵੋਲਟੇਜ ਬਿਜਲੀ ਦੀਆਂ ਨੀਵੀਆਂ ਤਾਰਾਂ ਛੱਤ ਨਾਲ ਲੱਗਣ ਕਾਰਨ ਝੁਲਸ ਗਏ। ਇਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜਿਆ ਗਿਆ ਹੈ। ਝੁਲਸੇ ਵਿਦਿਆਰਥੀਆਂ ਵਿੱਚ ਅਮਨਦੀਪ ਸਿੰਘ, ਜਗਦੀਪ ਸਿੰਘ ਤੇ ਜਸਪ੍ਰੀਤ ਸਿੰਘ ਸ਼ਾਮਲ ਹਨ। ਇਹ ਤਿੰਨੇ ਛੇਵੀਂ ਜਮਾਤ ਦੇ ਵਿਦਿਆਰਥੀ ਹਨ। ਪਤਾ ਲੱਗਾ ਹੈ ਕਿ ਇਹ ਵਿਦਿਆਰਥੀ ਸਕੂਲ ਵਿੱਚ ਛੁੱਟੀ ਤੋਂ ਬਾਅਦ ਆਪਣੇ ਸਾਥੀਆਂ ਨਾਲ ਖੇਡਣ ਲਈ ਮੈਦਾਨ ਵਿੱਚ ਆਏ। ਉਹ ਸਟੇਡੀਅਮ ਵਿੱਚ ਬਣੇ ਕਮਰੇ ਦੀ ਛੱਤ 'ਤੇ ਖੇਡਣ ਲੱਗੇ ਤਾਂ ਇਸ ਦੌਰਾਨ ਅਮਨਦੀਪ ਦਾ ਹੱਥ ਕਮਰੇ ਉਪਰੋਂ ਲੰਘ ਰਹੀ ਬਿਜਲੀ ਦੀ ਤਾਰ ਨਾਲ ਛੂਹ ਗਿਆ। ਜਦੋਂ ਇਸ ਦੌਰਾਨ ਦੂਜੇ ਬੱਚੇ ਉਸ ਨੂੰ ਬਚਾਉਣ ਲੱਗੇ ਤਾਂ ਉਹ ਵੀ ਕੰਰਟ ਨਾਲ ਝੁਲਸ ਗਏ।