ਚੰਡੀਗੜ੍ਹ: ਪੰਜਾਬ ਕੈਬਨਿਟ ਦੀ ਮੀਟਿੰਗ 'ਚ ਕੱਲ੍ਹ ਕਈ ਅਹਿਮ ਫੈਸਲੇ ਲਏ ਗਏ ਹਨ। ਮੀਟਿੰਗ 'ਚ ਬੇਰੁਜ਼ਗਾਰ ਨੌਜਵਾਨਾਂ ਲਈ ਮਹੱਤਵਪੂਰਣ ਫੈਸਲਾ ਲੈਂਦਿਆਂ ਪੁਲਿਸ ਮਹਿਕਮੇ, ਪਟਵਾਰੀ ਤੇ ਜੁਡੀਸ਼ੀਅਲ ਅਫਸਰਾਂ ਸਮੇਤ ਕਈ ਹੋਰ ਮਹਿਕਮਿਆਂ 'ਚ ਹਜ਼ਾਰਾਂ ਅਸਾਮੀਆਂ ਦੀ ਪੂਰਤੀ ਕਰਨ ਦਾ ਫੈਸਲਾ ਲਿਆ ਗਿਆ ਹੈ।
  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ 'ਚ ਲਏ ਫੈਸਲੇ ਮੁਤਾਬਕ ਪੁਲਿਸ ਵਿਭਾਗ 'ਚ 16 ਹਜ਼ਾਰ ਆਸਾਮੀਆਂ ਦੀ ਭਰਤੀ, ਸਿੰਜਾਈ ਵਿਭਾਗ ਵਿੱਚ ਐਸਡੀਓਜ਼ ਦੀਆਂ 100 ਆਸਾਮੀਆਂ, ਪਟਵਾਰੀਆਂ ਦੀਆਂ 1227 ਆਸਾਮੀਆਂ ਤੇ ਸਿਵਲ ਜੱਜ (ਜੂਨੀਅਰ ਡਿਵੀਜ਼ਨ)-ਕਮ-ਜੁਡੀਸ਼ਲ ਮੈਜਿਸਟ੍ਰੇਟ ਦੀਆਂ 121 ਆਸਾਮੀਆਂ ਦੀ ਭਰਤੀ ਪ੍ਰਕਿਰਿਆ ਦਾ ਕੰਮ ਸ਼ੁਰੂ ਕਰਨ ਨੂੰ ਮੰਨਜ਼ੂਰੀ ਦੇ ਦਿੱਤੀ ਹੈ।     ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਪੰਜਾਬੀ ਸੂਬੇ ਲਈ ਚੱਲੇ ਅੰਦੋਲਨ ਤੇ ਐਮਰਜੈਂਸੀ ਦੌਰਾਨ ਜੇਲ੍ਹ ਜਾਣ ਵਾਲਿਆਂ ਨੂੰ ਪੈਨਸ਼ਨ, ਗੈਰ ਕਾਨੂੰਨੀ ਕਲੋਨੀਆਂ ਨੂੰ ਨਿਯਮਤ ਕਰਨ ਲਈ ਕਾਨੂੰਨ ਬਣਾਉਣ, ਮਜੀਠਾ ਨੂੰ ਤਹਿਸੀਲ ਦਾ ਦਰਜਾ ਦੇਣ ਅਤੇ ਕਮਿਸ਼ਨਾਂ ਵਿੱਚ ਮੈਂਬਰਾਂ ਦੀ ਗਿਣਤੀ ਵਧਾਉਣ ਦੇ ਫੈਸਲੇ 'ਤੇ ਵੀ ਮੋਹਰ ਲਗਾ ਦਿੱਤੀ।