ਪਠਾਨਕੋਟ: ਸਟੇਟ ਬੈਂਕ ਆਫ ਇੰਡੀਆ ਵਿੱਚ 3.34 ਕਰੋੜ ਦਾ ਘੁਟਾਲਾ ਹੋਇਆ ਹੈ। ਪਤਾ ਲੱਗਾ ਹੈ ਕਿ 18 ਏਟੀਐਮ ਵਿੱਚ ਪੈਸੇ ਪਾਉਣ ਤੋਂ ਪਹਿਲਾਂ ਹੀ ਉਡਾ ਲਏ ਗਏ। ਇਸ ਘੁਟਾਲੇ ਦੇ ਤਿੰਨ ਮੁਲਜ਼ਮ ਫਰਾਰ ਹਨ।


 

ਦਰਅਸਲ ਬੈਂਕ ਨੇ SSMS ਕੰਪਨੀ ਨੂੰ ਏਟੀਐਮ ਵਿੱਚ ਪੈਸੇ ਪਾਉਣ ਦਾ ਕੰਮ ਦਿੱਤਾ ਹੋਇਆ ਹੈ। ਇਸ ਕੰਪਨੀ ਦੇ ਕਰਮਚਾਰੀਆਂ ਨੇ ਹੀ ਇਹ ਘੁਟਾਲਾ ਕੀਤਾ ਹੈ। ਇਸ ਗੱਲ਼ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਬੈਂਕ ਦਾ ਆਡਿਟ ਹੋਇਆ। ਸਾਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਭ ਹੱਕੇਬੱਕੇ ਰਹਿ ਗਏ।

 

 

ਬੈਂਕ ਸੂਤਰਾਂ ਮੁਤਾਬਕ ਕੰਪਨੀ ਦੇ ਤਿੰਨ ਕਰਮਚਾਰੀ ਹੀ ਏਟੀਐਮ ਵਿੱਚ ਪੈਸੇ ਪਾਉਣ ਜਾਂਦੇ ਸਨ। ਇਹ ਜਦੋਂ ਪੈਸੇ ਪਾਉਂਦੇ ਸਨ, ਤਾਂ ਏਟੀਐਮ ਅੰਦਰ ਇਨ੍ਹਾਂ ਤਿੰਨਾਂ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਹੁੰਦਾ। ਇਹ ਪਠਾਨਕੋਟ ਦੇ 18 ਏਟੀਐਮ ਵਿੱਚ ਪੈਸੇ ਪਾਉਂਦੇ ਸਨ। ਇਸ ਦੌਰਾਨ ਹੀ ਉਹ ਪੈਸੇ ਉਡਾ ਲੈਂਦੇ ਸਨ। ਪੁਲਿਸ ਨੇ ਇਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।