ਅੰਮ੍ਰਿਤਸਰ: ਇੱਕ ਮਕਾਨ ਦੀ ਛੱਤ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ 'ਚ ਇੱਕ ਔਰਤ ਤੇ ਉਸ ਦੇ ਦੋ ਬੱਚੇ ਸ਼ਾਮਲ ਹਨ। ਘਟਨਾ ਸ਼ਹਿਰ ਦੇ ਲਹੌਰੀ ਗੇਟ ਇਲਾਕੇ 'ਚ ਵਾਪਰੀ ਹੈ। ਜਿਸ ਵੇਲੇ ਹਾਦਸਾ ਵਾਪਰਿਆ ਤਾਂ ਮ੍ਰਿਤਕ ਔਰਤ ਦਾ ਪਤੀ ਘਰ 'ਚ ਮੌਜੂਦ ਨਹੀਂ ਸੀ। ਹਾਦਸੇ ਦਾ ਕਾਰਨ ਮਕਾਨ ਦੀ ਇਮਾਰਤ ਦਾ ਕਾਫੀ ਪੁਰਾਣਆ ਹੋਣਾ ਮੰਨਿਆ ਜਾ ਰਿਹਾ ਹੈ।


 

 

ਜਾਣਕਾਰੀ ਮੁਤਾਬਕ 43 ਸਾਲਾ ਸੁਖਵਿੰਦਰ ਕੌਰ, ਉਸ ਦਾ 20 ਸਾਲਾ ਬੇਟਾ ਜੁਗਰਾਜ ਸਿੰਘ ਤੇ 18 ਸਾਲਾ ਬੇਟੀ ਜਸ ਕੌਰ(18) ਘਰ ਅੰਦਰ ਮੌਜੂਦ ਸਨ। ਸਾਰੇ ਘਰ ਅੰਦਰ ਸੁੱਤੇ ਹੋਏ ਸਨ। ਸਵੇਰ ਵੇਲੇ ਅਚਾਨਕ ਮਕਾਨ ਦੀ ਛੱਤ ਹੇਠਾਂ ਆ ਡਿੱਗੀ। ਇਸ ਹਾਦਸੇ 'ਚ ਮਲਬੇ ਹੇਠ ਦੱਬਣ ਕਾਰਨ ਮਾਂ ਤੇ ਉਸ ਦੇ ਦੋਨਾਂ ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦਾ ਪਤੀ ਅਮਰਜੀਤ ਸਿੰਘ ਉਸ ਵੇਲੇ ਘਰ ਨਹੀਂ ਸੀ। ਉਹ ਆਪਣੀ ਬਿਮਾਰ ਭੈਣ ਦੇ ਇਲਾਜ ਲਈ ਉਸ ਕੋਲ ਹਸਪਤਾਲ ਗਿਆ ਹੋਇਆ ਸੀ।

 

 

ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਆਸ-ਪਾਸ ਦੇ ਲੋਕ ਮੌਕੇ 'ਤੇ ਆ ਪਹੁੰਚੇ। ਲੋਕਾਂ ਨੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਕਰੀਬ ਇੱਕ ਘੰਟੇ ਦੀ ਮਿਹਨਤ ਮਗਰੋਂ ਮਲਬੇ ਹੇਠ ਇਹਨਾਂ ਤਿੰਨਾਂ ਨੂੰ ਬਾਹਰ ਕੱਢ ਲਿਆ ਗਿਆ। ਹਾਲਾਂਕਿ ਤੁਰੰਤ ਇਹਨਾਂ ਨੂੰ ਹਸਪਤਾਲ ਲਿਜਾਇਆ ਗਿਆ। ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ।