Moga news: ਮੋਗਾ 'ਚ ਸ਼ੁੱਕਰਵਾਰ ਦੇਰ ਰਾਤ 30 ਸਾਲਾ ਨੌਜਵਾਨ ਸਤਪਾਲ ਨੂੰ ਆਪਣੇ ਘਰ ਪਰਤਣ ਵੇਲੇ ਵਿਅਕਤੀਆਂ ਵਲੋਂ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਹਿਲਾਂ ਉਸ ਦੀ ਕਾਫੀ ਕੁੱਟਮਾਰ ਕੀਤੀ ਗਈ ਅਤੇ ਫਿਰ ਉਸ ਦੇ ਸਿਰ ਵਿੱਚ ਪੱਥਰ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਹ ਸਾਰੀ ਘਟਨਾ ਮੌਕੇ 'ਤੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਅੱਜ ਸਵੇਰੇ ਜਦੋਂ ਸਤਪਾਲ ਦੀ ਲਾਸ਼ ਉੱਥੇ ਪਈ ਦੇਖੀ ਤਾਂ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਵਿਖੇ ਰਖਵਾਇਆ ਹੈ।
ਇਸ ਦੇ ਨਾਲ ਹੀ ਸੀਸੀਟੀਵੀ ਦੇ ਆਧਾਰ 'ਤੇ ਜਾਂਚ ਕਰਨ ਤੋਂ ਬਾਅਦ ਦੋਸ਼ੀ ਸੰਜੀਵ ਕੁਮਾਰ ਉਰਫ਼ ਕਾਕਾ ਦੀ ਪਛਾਣ ਹੋਈ ਹੈ। ਉੱਥੇ ਹੀ ਪੁਲਿਸ ਨੇ ਸੰਜੀਵ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Faridkot news: ਨਸ਼ਾ ਛਡਾਉ ਕੇਂਦਰ ਦੇ ਬਾਹਰ ਚੱਲ ਰਿਹਾ ਸੀ ਨਸ਼ੇ ਦਾ ਕਾਰੋਬਾਰ, 4 ਲੋਕ ਚੜ੍ਹੇ ਪੁਲਿਸ ਦੇ ਅੜ੍ਹਿੱਕੇ, ਜਾਣੋ ਪੂਰਾ ਮਾਮਲਾ
ਮ੍ਰਿਤਕ ਦੇ ਭਤੀਜੇ ਨੇ ਦਿੱਤੀ ਆਹ ਜਾਣਕਾਰੀ
ਮ੍ਰਿਤਕ ਦੇ ਭਤੀਜੇ ਨੇ ਦੱਸਿਆ ਕਿ ਉਸ ਦਾ ਚਾਚਾ ਮੋਗਾ ਦੇ ਮੇਨ ਬਜ਼ਾਰ ਵਿੱਚ ਭਾਂਡਿਆਂ ਦੀ ਦੁਕਾਨ ’ਤੇ ਪਿਛਲੇ 6/7 ਸਾਲਾਂ ਤੋਂ ਕੰਮ ਕਰਦਾ ਸੀ ਅਤੇ ਜਦੋਂ ਉਸ ਨੇ ਬੀਤੀ ਰਾਤ ਫੋਨ ਕੀਤਾ ਤਾਂ ਉਸ ਦੇ ਚਾਚੇ ਨੇ ਦੱਸਿਆ ਕਿ ਦੁਕਾਨ ’ਤੇ ਕੁਝ ਸਾਮਾਨ ਆਇਆ ਹੈ, ਜਿਸ ਕਰਕੇ ਉਹ ਘਰ ਲੇਟ ਆਵੇਗਾ। ਪਰ ਪੂਰੀ ਰਾਤ ਬੀਤ ਗਈ ਚਾਚਾ ਘਰ ਨਹੀਂ ਆਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸਵੇਰੇ ਪੁਲਿਸ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਉਸ ਦੇ ਚਾਚੇ ਦੀ ਲਾਸ਼ ਮਿਲੀ ਹੈ। ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਕੰਮ ਤੋਂ ਸਿੱਧਾ ਘਰ ਆਉਂਦਾ ਸੀ।
ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਸਾਰੀ ਵਾਰਦਾਤ
ਮੋਗਾ ਦੇ ਡੀਐੱਸਪੀ ਸਿਟੀ ਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸ਼ਨੀਵਾਰ ਸਵੇਰੇ 30 ਸਾਲਾ ਨੌਜਵਾਨ ਸਤਪਾਲ ਦੀ ਲਾਸ਼ ਪ੍ਰਤਾਪ ਚੌਕ, ਮੋਗਾ ਨੇੜੇ ਇੱਕ ਗਲੀ ਵਿੱਚੋਂ ਮਿਲੀ ਹੈ। ਉਸ ਦੇ ਕਤਲ ਦੀ ਵੀਡੀਓ ਮੌਕੇ 'ਤੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਪੁਲਿਸ ਨੇ ਸੀਸੀਟੀਵੀ ਦੇ ਆਧਾਰ ’ਤੇ ਮੁਲਜ਼ਮ ਸੰਜੀਵ ਕੁਮਾਰ ਕਾਕਾ ਦੀ ਪਛਾਣ ਕੀਤੀ, ਜੋ ਕਿ ਮੁੱਖ ਮੁਲਜ਼ਮ ਹੈ। ਸੰਜੀਵ ਸਿੰਘ ਕੁਮਾਰ ਖ਼ਿਲਾਫ਼ ਮੋਗਾ ਸਿਟੀ ਸਾਊਥ ਥਾਣੇ ਵਿੱਚ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।