ਸਿਰਸਾ: ਇੱਕ ਪਾਸੇ ਦੇਸ਼ ਵਿੱਚ ਨੋਟਬੰਦੀ ਕਾਰਨ ਕੈਸ਼ ਦੀ ਕਿੱਲਤ ਹੈ, ਉੱਥੇ ਹੀ ਕੁਝ ਲੋਕਾਂ ਪੁਰਾਣੀ ਕਰੰਸੀ ਦੇ ਬਦਲੇ ਵਿੱਚ ਨਵੀਂ ਕਰੰਸੀ ਦੇ ਕੇ ਮੋਟੀ ਕਮਾਈ ਕਰ ਰਹੇ ਹਨ। ਹਰਿਆਣਾ ਪੁਲਿਸ ਨੇ ਪੁਰਾਣੀ ਕਰੰਸੀ ਦੇ ਬਦਲੇ ਨਵੇਂ ਕਰੰਸੀ ਦੇਣ ਵਾਲੇ ਇੱਕ ਗਰੋਹ ਨੂੰ ਗ੍ਰਿਫਤਾਰ ਕੀਤਾ ਹੈ।
ਸਿਰਸਾ ਦੇ ਸੀ.ਆਈ.ਏ. ਸਟਾਫ ਨੇ ਇੱਥੋਂ ਦੇ ਇੱਕ ਹੋਟਲ ਉਤੇ ਛਾਪਾ ਮਾਰ ਕੇ 34 ਲੱਖ 66 ਹਜ਼ਾਰ ਰੁਪਏ ਦੀ ਨਵੀਂ ਕਰੰਸੀ ਨਾਲ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਨੋਟਾਂ ਵਿੱਚ 20 ਲੱਖ ਰੁਪਏ ਦੋ ਹਜ਼ਾਰ ਦੇ ਨਵੇਂ ਨੋਟ ਹਨ ਜਦੋਂਕਿ ਬਾਕੀ ਨੋਟ 100 ਦੇ ਤੇ ਪੰਜਾਹ ਦੇ ਹਨ।
ਸਿਰਸਾ ਪੁਲਿਸ ਅਨੁਸਾਰ ਗਰੋਹ ਦਾ ਮੁਖੀ ਪੰਜਾਬ ਦੇ ਮੁਹਾਲੀ ਦਾ ਰਹਿਣ ਵਾਲਾ ਦਵਿੰਦਰ ਸਿੰਘ ਹੈ। ਦਵਿੰਦਰ ਆਪਣੇ ਸਾਥੀਆਂ ਨਾਲ ਪੁਰਾਣੀ ਕਰੰਸੀ ਦੇ ਬਦਲੇ ਨਵੀਂ ਕਰੰਸੀ ਸਿਰਸਾ ਵਿੱਚ ਦੇਣ ਆਇਆ ਸੀ। ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਦਵਿੰਦਰ ਸਿੰਘ ਸਿਰਸਾ ਵਿੱਚ ਕਿਸੇ ਕਾਰੋਬਾਰੀ ਦੇ ਪੈਸੇ ਬਦਲਣ ਲਈ ਆਇਆ ਸੀ। ਪੁਲਿਸ ਨੇ ਆਮਦਨ ਕਰ ਵਿਭਾਗ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਹੈ।