ਜਲੰਧਰ: ਜੰਮੂ ਤੋਂ ਚੂਰਾ ਪੋਸਤ ਲਿਆ ਕੇ ਪੰਜਾਬ ਵਿੱਚ ਵੇਚਣ ਵਾਲੇ ਚਾਰ ਨਸ਼ਾ ਤਸਕਰਾਂ ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਐਸਐਸਪੀ ਜਲੰਧਰ ਦਿਹਾਤ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਚਾਰ ਤਸਕਰਾਂ ਵਿੱਚ ਦੋ ਬੰਦੇ ਤੇ ਦੋ ਔਰਤਾਂ ਹਨ। ਇਨ੍ਹਾਂ ਤੋਂ ਇੱਕ ਕੁਇੰਟਲ 82 ਕਿੱਲੋ ਚੂਰਾ ਪੋਸਟ ਬਰਾਮਦ ਕੀਤਾ ਗਿਆ ਹੈ। ਇਹ ਜੰਮੂ ਤੋਂ ਖਰੀਦ ਕੇ ਲਿਆਏ ਸਨ ਤੇ ਪੰਜਾਬ ਵਿੱਚ ਦੁਗਣੇ ਰੇਟ 'ਤੇ ਵੇਚਣਾ ਸੀ।

 

ਐਸਐਸਪੀ ਨੇ ਦੱਸਿਆ ਕਿ ਇਨ੍ਹਾਂ ਨੇ ਨਸ਼ਾ ਟਰੱਕ ਵਿੱਚ ਲੁਕਾ ਕੇ ਉੱਤੋਂ ਤਿਰਪਾਲ ਪਾ ਦਿੱਤੀ ਸੀ ਤਾਂ ਜੋ ਲੋਕਾਂ ਨੂੰ ਲੱਗੇ ਕਿ ਮੀਂਹ ਤੋਂ ਸਾਮਾਨ ਬਚਾਉਣ ਲਈ ਅਜਿਹਾ ਕੀਤਾ ਗਿਆ ਹੈ। ਇੱਕ ਔਰਤ ਤੇ ਇੱਕ ਬੰਦਾ ਟਰੱਕ ਵਿੱਚ ਬੈਠੇ ਸਨ। ਦੂਜੀ ਟੀਮ ਹੌਂਡਾ ਸਿਟੀ ਕਾਰ ਵਿੱਚ ਟਰੱਕ ਦੇ ਅੱਗੇ-ਅੱਗੇ ਜਾ ਰਹੀ ਸੀ। ਜਿੱਥੇ ਕਿਤੇ ਪੁਲਿਸ ਦਾ ਨਾਕਾ ਹੁੰਦਾ ਸੀ ਤਾਂ ਹੌਂਡਾ ਸਿਟੀ ਵਾਲੀ ਟੀਮ ਟਰੱਕ ਵਾਲੇ ਨੂੰ ਪਹਿਲਾਂ ਹੀ ਦੱਸ ਦਿੰਦੀ ਸੀ। ਉਹ ਪਿੱਛੇ ਹੀ ਰੁੱਕ ਜਾਂਦੇ ਸਨ। ਨਵੇਂ ਤਰੀਕੇ ਨਾਲ ਚਾਰੇ ਤਸਕਰੀ ਕਰ ਰਹੇ ਸਨ।

ਮੁਲਜ਼ਮ ਮੰਗਤ ਰਾਮ ਤੇ ਕੁਲਦੀਪ ਕੌਰ 'ਤੇ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਕਈ ਕੇਸ ਦਰਜ ਹਨ। ਮੰਗਤ ਜਲੰਧਰ ਦੇ ਜਮਸ਼ੇਰ ਦਾ ਰਹਿਣ ਵਾਲਾ ਹੈ। ਬੀਬੀ ਪਾਲੋ 'ਤੇ ਵੀ ਚਾਰ ਮੁਕੱਦਮੇ ਦਰਜ ਹਨ। ਇਨ੍ਹਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿਛ ਕੀਤੀ ਜਾਵੇਗੀ। ਟਰੱਕ ਦੇ ਮਾਲਕ ਸਾਹਿਲ ਨੂੰ ਗ੍ਰਿਫਤਾਰ ਕਰਨ ਲਈ ਜੰਮੂ ਟੀਮਾਂ ਭੇਜੀਆਂ ਜਾ ਰਹੀਆਂ ਹਨ। ਇਨ੍ਹਾਂ 'ਤੇ ਬੰਗਾ, ਨਵਾਂਸ਼ਹਿਰ ਤੇ ਨੂਰਮਹਿਲ ਵਿੱਚ ਨਸ਼ਾ ਤਸਕਰੀ ਦੇ ਕਈ ਕੇਸ ਦਰਜ ਹਨ।