ਚੰਡੀਗੜ੍ਹ: ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਨੂੰ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿੱਚ ਕਾਬੂ ਕਰ ਲਿਆ ਗਿਆ ਹੈ। ਦਿਲਪ੍ਰੀਤ ਪੁਲਿਸ ਦੀ ਗੋਲ਼ੀ ਦਾ ਸ਼ਿਕਾਰ ਹੋਇਆ ਤੇ ਹੁਣ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਂਗਸਟਰ ਦਿਲਪ੍ਰੀਤ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਨੂੰ ਵਧਾਈ ਦਿੱਤੀ ਹੈ।
'ਏਬੀਪੀ ਸਾਂਝਾ' ਨੂੰ ਮਿਲੀ ਜਾਣਕਾਰੀ ਮੁਤਾਬਕ ਦਿਲਪ੍ਰੀਤ ਢਾਹਾਂ ਨੂੰ ਕਾਬੂ ਕਰਨ ਵਿੱਚ ਜਲੰਧਰ ਦੇ ਸੀਆਈਏ-2 ਵਿੰਗ ਦੇ ਇੰਸਪੈਕਟਰ ਸ਼ਿਵ ਕੁਮਾਰ ਨੇ ਅਹਿਮ ਭੂਮਿਕਾ ਨਿਭਾਈ ਹੈ। ਆਪਣੀ ਹਰ ਗੱਲ ਸਿੱਖੀ ਦੇ ਸੰਦਰਭ ਤੋਂ ਸ਼ੁਰੂ ਕਰਨ ਵਾਲੇ ਦਿਲਪ੍ਰੀਤ ਦੇ ਵਾਲ ਤੇ ਦਾੜ੍ਹੀ ਕੱਟੀ ਹੋਈ ਹੈ। ਪੁਲਿਸ ਮੁਤਾਬਕ ਦਿਲਪ੍ਰੀਤ ਇਕੱਲਾ ਹੀ ਸੀ ਤੇ ਉਸ ਦੇ ਪੱਟ ਵਿੱਚ ਗੋਲੀ ਲੱਗੀ ਹੈ। ਥੋੜ੍ਹੇ ਸਮੇਂ ਵਿੱਚ ਗੋਲ਼ੀ ਲੱਗਣ ਕਾਰਨ ਦਿਲਪ੍ਰੀਤ ਦਾ ਆਪ੍ਰੇਸ਼ਨ ਹੋਣ ਜਾ ਰਿਹਾ ਹੈ। ਪੁਲਿਸ ਨੇ ਦਿਲਪ੍ਰੀਤ ਨੂੰ ਸੈਕਟਰ 43 ਦੇ ਬੱਸ ਸਟੈਂਡ ਦੇ ਨੇੜਿਉਂ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਫ਼ਿਲਮੀ ਅੰਦਾਜ਼ ਵਿੱਚ ਪੁਲਿਸ ਵੱਲੋਂ ਗੈਂਗਸਟਰ ਦਾ ਪਿੱਛਾ ਕੀਤਾ ਗਿਆ ਤੇ ਉਸ ਨੇ ਪੁਲਿਸ 'ਤੇ ਗੋਲ਼ੀ ਚਲਾ ਦਿੱਤੀ। ਯੂ.ਟੀ. ਦੇ ਅਪਰਾਧ ਸ਼ਾਖਾ ਦੇ ਮੁਖੀ ਅਮਨਜੋਤ ਸਿੰਘ ਨੇ ਆਪਣੀ ਫਾਰਚੂਨਰ ਕਾਰ ਦਿਲਪ੍ਰੀਤ ਵੱਲੋਂ ਚਲਾਈ ਜਾ ਰਹੀ ਹਰਿਆਣਾ ਦੇ ਨਾਰਾਇਣਗੜ੍ਹ ਦੀ ਰਜਿਸਟਰਡ ਡਿਜ਼ਾਇਰ ਕਾਰ ਪਿੱਛੇ ਮਾਰ ਕੇ ਰੋਕਿਆ। ਪੰਜਾਬ ਪੁਲਿਸ ਨੇ ਅੱਗੋਂ ਦਿਲਪ੍ਰੀਤ ਦਾ ਰਾਹ ਰੋਕਿਆ ਹੋਇਆ ਸੀ ਤੇ ਉਨ੍ਹਾਂ ਅੱਗੋਂ ਗੋਲ਼ੀਆਂ ਦੀ ਵਾਛੜ ਕਰ ਦਿੱਤੀ। ਪੁਲਿਸ ਦੀ ਜਵਾਬੀ ਗੋਲ਼ੀ ਵਿੱਚ ਦਿਲਪ੍ਰੀਤ ਜ਼ਖ਼ਮੀ ਹੋ ਗਿਆ। ਦਿਲਪ੍ਰੀਤ ਪਿਛਲੇ ਸਾਲ ਸੈਕਟਰ 38 ਵਿੱਚ ਹੁਸ਼ਿਆਰਪੁਰ ਦੇ ਸਰਪੰਚ ਦੇ ਕਤਲ ਤੇ ਇਸ ਸਾਲ ਮੋਹਾਲੀ ਵਿੱਚ ਪੰਜਾਬੀ ਗਾਇਕ ਪਰਮੀਸ਼ ਵਰਮਾ ਉੱਪਰ ਜਾਨਲੇਵਾ ਹਮਲਾ ਕਰਨ ਤੋਂ ਇਲਾਵਾ ਕਈ ਗਾਇਕ ਗਿੱਪੀ ਗਰੇਵਾਲ ਸਨਅਤਕਾਰਾਂ ਤੋਂ ਫਿਰੌਤੀ ਮੰਗਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਹੈ।