ਗਰਮ ਖਿਆਲੀਆਂ ਨੂੰ ਠੰਢਾ ਕਰਨਗੇ ਕੈਪਟਨ ਅਮਰਿੰਦਰ
ਏਬੀਪੀ ਸਾਂਝਾ | 09 Jul 2018 12:14 PM (IST)
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੰਘਰਸ਼ 'ਚ ਜੁਟੇ ਗਰਮ ਖਿਆਲੀਆਂ ਨੂੰ ਠੰਢੇ ਕਰਨ ਦੇ ਰੌਂਅ ਵਿੱਚ ਹਨ। ਉਨ੍ਹਾਂ ਨੇ ਬਰਗਾੜੀ ਵਿੱਚ ਚੱਲ ਰਹੇ ‘ਇਨਸਾਫ਼ ਮੋਰਚੇ’ ਨੂੰ ਰਾਜ਼ੀ ਕਰਨ ਮਨ ਬਣਾ ਲਿਆ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਆਉਂਦੇ ਦਿਨਾਂ ਵਿੱਚ ਮੋਰਚੇ ਵਾਲੀ ਥਾਂ ਪੁੱਜ ਕੇ ਮੰਗਾਂ ਬਾਰੇ ਕੋਈ ਵੱਡਾ ਐਲਾਨ ਕਰ ਸਕਦੇ ਹਨ। ਇਸ ਸੰਦਰਭ ਵਿੱਚ ਐਤਵਾਰ ਨੂੰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਬਰਗਾੜੀ ਪੁੱਜ ਕੇ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਕੀਤੀ। ਬਾਜਵਾ ਨੇ ਅਕਾਲ ਤਖ਼ਤ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਤੇ ਹੋਰ ਲੀਡਰਾਂ ਨਾਲ ਗੱਲ਼ਬਾਤ ਕੀਤੀ। ਬਾਜਵਾ ਨੇ ਮੋਰਚੇ ਦੇ ਆਗੂਆਂ ਨਾਲ ਪੁਲਿਸ ਅਧਿਕਾਰੀ ਦੇ ਘਰ ਬੈਠ ਕੇ ਬੰਦ ਕਮਰਾ ਮੀਟਿੰਗ ਕੀਤੀ। ਗੱਲਬਾਤ ਸਮੇਂ ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਤਖ਼ਤ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ, ਅਕਾਲੀ ਦਲ (ਅ) ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਦੀਪ ਸਿੰਘ ਬਠਿੰਡਾ, ਬੂਟਾ ਸਿੰਘ ਰਣਸੀਂਹ ਕੇ ਤੇ ਬਾਬਾ ਫ਼ੌਜਾ ਸਿੰਘ ਕੋਟ ਦੁੱਲਾ ਸ਼ਾਮਲ ਸਨ। ਮੀਟਿੰਗ ਪਿੱਛੋਂ ਬਾਜਵਾ ਨੇ ਮੁਲਾਕਾਤ ਨੂੰ ਸਾਰਥਕ ਦੱਸਿਆ। ਉਨ੍ਹਾਂ ਕਿਹਾ ਕਿ ਮੀਟਿੰਗ ’ਚ ਹੋਈ ਚਰਚਾ ਦੀ ਜਾਣਕਾਰੀ ਉਹ ਮੁੱਖ ਮੰਤਰੀ ਕੋਲ ਪਹੁੰਚਾਉਣਗੇ ਤੇ ਕੋਈ ਵੀ ਅੰਤਿਮ ਫ਼ੈਸਲਾ ਮੁੱਖ ਮੰਤਰੀ ਹੀ ਕਰਨਗੇ। ਉਨ੍ਹਾਂ ਖ਼ੁਲਾਸਾ ਕੀਤਾ ਕਿ ਮੰਗਾਂ ਬਾਬਤ ਮੁੱਖ ਮੰਤਰੀ ਬਰਗਾੜੀ ਆ ਕੇ ਖ਼ੁਦ ਕੋਈ ਐਲਾਨ ਕਰਨਗੇ।