ਅੰਮ੍ਰਿਤਸਰ: ਭਾਰਤੀ ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਅੱਜ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਮੱਥਾ ਟੇਕਣ ਪੁੱਜੇ। ਇਸ ਮੌਕੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਉਨ੍ਹਾਂ ਨਾਲ ਗੱਲਬਾਤ ਸ਼ੁਰੂ ਕੀਤੀ ਤਾਂ ਜਨਰਲ ਰਾਵਤ ਨੇ ਸਾਰੇ ਜਵਾਬ ਪੰਜਾਬੀ ਭਾਸ਼ਾ ਵਿੱਚ ਦਿੱਤੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਤੇ ਹੋਰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਜਨਰਲ ਰਾਵਤ ਨਾਲ ਜਿੰਨੀਆਂ ਵੀ ਗੱਲਾਂ ਸਾਂਝੀਆਂ ਕੀਤੀਆਂ, ਜਨਰਲ ਰਾਵਤ ਨੇ ਉਨ੍ਹਾਂ ਦਾ ਜਵਾਬ ਪੰਜਾਬੀ ਭਾਸ਼ਾ ਵਿੱਚ ਹੀ ਦਿੱਤਾ। ਭਾਰਤੀ ਫੌਜ ਦੇ ਜਰਨੈਲ ਜਨਰਲ ਬਿਪਿਨ ਰਾਵਤ ਦੀ ਫਰਾਟੇਦਾਰ ਪੰਜਾਬੀ ਤੋਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਬਾਗੋਬਾਗ਼ ਨਜ਼ਰ ਆਏ। ਭਾਵੇਂ ਜਨਰਲ ਰਾਵਤ ਨੇ ਮੀਡੀਆ ਨਾਲ ਬਹੁਤ ਸੰਖੇਪ ਗੱਲ ਕੀਤੀ ਪਰ ਉਨ੍ਹਾਂ ਨੇ ਇਸ ਗੱਲਬਾਤ ਦੌਰਾਨ ਵੀ ਪੱਤਰਕਾਰਾਂ ਨੂੰ ਸਾਰੇ ਜਵਾਬ ਪੰਜਾਬੀ ਭਾਸ਼ਾ ਵਿੱਚ ਹੀ ਦਿੱਤੇ। ਜਨਰਲ ਰਾਵਤ ਨੇ ਜਾਣਕਾਰੀ ਦਿੱਤੀ ਕਿ 80 ਦੇ ਦਹਾਕੇ ਵਿੱਚ ਪੰਜਾਬ ’ਚ ਉਨ੍ਹਾਂ ਨੇ ਲੰਬਾ ਸਮਾਂ ਡਿਊਟੀ ਕੀਤੀ ਸੀ ਤੇ ਇਸੇ ਕਰਕੇ ਉਹ ਪੰਜਾਬੀ ਭਾਸ਼ਾ ਨੂੰ ਬੜੀ ਬਾਰੀਕੀ ਨਾਲ ਜਾਣਦੇ ਤੇ ਸਮਝਦੇ ਹਨ। ਉਨ੍ਹਾਂ ਨੂੰ ਪੰਜਾਬੀ ਬੋਲਣ, ਸੁਣਨ ਤੇ ਸਮਝਣ ਵਿੱਚ ਕੋਈ ਵੀ ਸਮੱਸਿਆ ਨਹੀਂ ਆਉਂਦੀ। ਹਾਲਾਂਕਿ ਇਸ ਤੋਂ ਪਹਿਲਾਂ ਭਾਰਤੀ ਫੌਜ ਦੇ ਪਗੜੀਧਾਰੀ ਅਧਿਕਾਰੀ ਜਦੋਂ ਸ੍ਰੀ ਦਰਬਾਰ ਸਾਹਿਬ ਆਉਂਦੇ ਹਨ ਤਾਂ ਜ਼ਿਆਦਾਤਰ ਅੰਗਰੇਜ਼ੀ ਜਾਂ ਹਿੰਦੀ ਭਾਸ਼ਾ ਦੀ ਵਰਤੋਂ ਕਰਦੇ ਹਨ। ਪਰ ਭਾਰਤੀ ਫੌਜ ਦੇ ਮੁਖੀ ਜਨਰਲ ਵਿਪਨ ਰਾਵਤ ਨੇ ਪੰਜਾਬੀ ਭਾਸ਼ਾ ਵਰਤ ਕੇ ਸਾਰੇ ਪੰਜਾਬੀਆਂ ਦਾ ਮਨ ਮੋਹ ਲਿਆ ਹੈ।