ਚੰਡੀਗੜ੍ਹ: ਭਿੱਖੀਵਿੰਡ ਤੋਂ ਕੁਝ ਦੂਰੀ ’ਤੇ ਥਾਣਾ ਕੱਚਾ ਪੱਕਾ ਅਧੀਨ ਆਉਂਦੇ ਪਿੰਡ ਲਖਨਾ ਤਪਾ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ 35 ਸਾਲਾ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੀਤੀ ਰਾਤ ਨਸ਼ੀਲਾ ਟੀਕਾ ਲਾਉਣ ਤੋਂ ਬਾਅਦ ਪਿੰਡ ਦੇ ਕਰਤਾਰ ਸਿੰਘ ਦੀ ਘਰ ਅੰਦਰ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਮਾਂ ਗੁਰਦੀਪ ਕੌਰ ਨੇ ਦੱਸਿਆ ਕਿ ਕਰਤਾਰ ਸਿੰਘ ਨੂੰ ਰਾਤ 10 ਵਜੇ ਦੇ ਕਰੀਬ ਇੱਕ ਫੋਨ ਆਇਆ। ਉਹ ਆਪਣਾ ਮੋਟਰਸਾਈਕਲ ਲੈ ਕੇ ਘਰੋਂ ਬਾਹਰ ਚਲਾ ਗਿਆ। ਇਸ ਪਿੱਛੋਂ ਰਾਤ 11 ਵਜੇ ਦੇ ਕਰੀਬ ਉਹ ਘਰ ਵਾਪਸ ਆਇਆ ਤੇ ਆਉਂਦਿਆ ਹੀ ਸੌਂ ਗਿਆ। ਦਿਨ ਚੜ੍ਹਨ ’ਤੇ ਜਦੋਂ ਉਸ ਨੂੰ ਚਾਹ ਲਈ ਆਵਾਜ਼ ਦਿੱਤੀ ਤਾਂ ਵੇਖਿਆ ਕਿ ਉਹ ਮ੍ਰਿਤਕ ਹਾਲਤ ਵਿੱਚ ਪਿਆ ਸੀ। ਉਸ ਕੋਲ ਇੱਕ ਸਰਿੰਜ ਵੀ ਪਈ ਹੋਈ ਸੀ। ਮ੍ਰਿਤਕ ਦੇ ਵੱਡੇ ਭਰਾ ਪ੍ਰਤਾਪ ਸਿੰਘ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ ਹੀ ਕਰਤਾਰ ਸਿੰਘ ਵਿਦੇਸ਼ ਤੋਂ ਵਾਪਸ ਆਇਆ ਸੀ ਤੇ ਬੁਰੀ ਸੰਗਤ ਵਿੱਚ ਪੈਣ ਕਰਕੇ ਉਹ ਨਸ਼ਿਆਂ ਦਾ ਆਦੀ ਹੋ ਗਿਆ। ਉਸ ਨੇ ਦੱਸਿਆ ਕਿ ਸਾਲ ਪਹਿਲਾਂ ਕਰਤਾਰ ਸਿੰਘ ਦਾ ਵਿਆਹ ਹੋਇਆ ਸੀ ਪਰ ਕੁਝ ਦਿਨਾਂ ਬਾਅਦ ਹੀ ਉਸ ਦੀ ਪਤਨੀ ਉਸ ਨੂੰ ਛੱਡ ਕਿ ਪੇਕੇ ਚਲੀ ਗਈ ਸੀ ਤੇ ਮੁੜ ਵਾਪਸ ਨਹੀ ਆਈ। ਇਸੇ ਕਾਰਨ ਕਰਤਾਰ ਸਿੰਘ ਜ਼ਿਆਦਾ ਨਸ਼ਾ ਕਰਨ ਲੱਗ ਪਿਆ ਸੀ। ਮ੍ਰਿਤਕ ਦੇ ਭਰਾ, ਮਾਂ ਤੇ ਸਰਪੰਚ ਗੁਰਭੇਜ ਸਿੰਘ ਨੇ ਪ੍ਰਸ਼ਾਸਨ ਕੋਲ ਨਸ਼ਾ ਵੇਚਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ।