ਨਸ਼ੇ ਦੇ ਦੈਂਤ ਨੇ ਨਿਗਲਿਆ 23 ਵਰ੍ਹਿਆਂ ਦਾ ਕਬੱਡੀ ਖਿਡਾਰੀ
ਏਬੀਪੀ ਸਾਂਝਾ | 08 Jul 2018 02:55 PM (IST)
ਚੰਡੀਗੜ੍ਹ: ਨਸ਼ਿਆਂ ਦਾ ਦੈਂਤ ਰੋਜ਼ਾਨਾ ਪੰਜਾਬ ਦੇ ਨੌਜਵਾਨਾਂ ਨੂੰ ਸ਼ਿਕਾਰ ਬਣਾ ਰਿਹਾ ਹੈ। ਹੁਣ ਜ਼ਿਲ੍ਹਾ ਮੋਗਾ ਦੇ ਪਿੰਡ ਬੁਰਜ ਹਮੀਰਾ 'ਚ ਨਸ਼ੇ ਨੇ 23 ਵਰ੍ਹਿਆਂ ਦੇ ਕਬੱਡੀ ਖਿਡਾਰੀ ਨੂੰ ਲਪੇਟ ਵਿੱਚ ਲੈ ਲਿਆ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਕਥਿਤ ਤੌਰ 'ਤੇ ਨਸ਼ੇ ਦੀ ਓਵਰਡੇਜ਼ ਕਾਰਨ ਹੋਈ ਹੈ। ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਚੰਨਣ ਸਿੰਘ ਨਾਂ ਦੇ ਇਸ ਖਿਡਾਰੀ ਨੂੰ 28 ਜੁਲਾਈ ਵਾਲੇ ਦਿਨ ਬੇਹੋਸ਼ੀ ਦੀ ਹਾਲਤ ਵਿੱਚ ਪਹਿਲਾਂ ਬਠਿੰਡਾ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਫਿਰ ਉਸ ਨੂੰ ਡਾਕਟਰਾਂ ਨੇ ਲੁਧਿਆਣਾ ਦੇ ਡੀਐਮਸੀ ਰੈਫਰ ਕਰ ਦਿੱਤਾ ਸੀ। ਡੀਐਮਸੀ 'ਚ ਜਾ ਕੇ ਵੀ ਚੰਨਣ ਸਿੰਘ ਲਗਾਤਾਰ ਬੇਹੋਸ਼ੀ ਦੀ ਹਾਲਤ ਵਿੱਚ ਚੱਲ ਰਿਹਾ ਸੀ। ਇਸ ਮਗਰੋਂ ਡਾਕਟਰਾਂ ਨੇ ਇਸ ਨੌਜਵਾਨ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਜਿੱਥੇ ਲੰਘੀ ਰਾਤ ਉਸ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੋਗਾ ਦੇ ਡਾ. ਮਥੁਰਾ ਦਾਸ ਸਿਵਲ ਹਸਪਤਾਲ 'ਚ ਉਸ ਦਾ ਪੋਸਟਮਾਰਟਮ ਕਰਵਾਇਆ ਤੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦਾ ਕੰਮ ਜਾਰੀ ਹੈ।