ਲੰਡਨ: ਮਹਾਰਾਜਾ ਦਲੀਪ ਸਿੰਘ ਦੀ 125ਵੀਂ ਬਰਸੀ ਮੌਕੇ ਦੋ ਹਫ਼ਤੇ ਲੰਮਾ ਪੰਜਾਬੀ ਸਮਾਗਮ ਕਰਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਮੌਕੇ ਇੰਗਲੈਂਡ ਦੇ ਈਸਟ ਐਂਗਲੀਆ ਖਿੱਤੇ ਵੱਲੋਂ ਅੰਮ੍ਰਿਤਸਰ ਨੂੰ ਜੁੜਵੇਂ ਸ਼ਹਿਰ ਟਵਿਨ ਸਿਟੀ ਦਾ ਦਰਜਾ ਦਿੱਤਾ ਜਾਵੇਗਾ। ਨੌਰਫੋਕ ਦੇ ਥੈੱਟਫੋਰਡ ਵਿੱਚ ਦਲੀਪ ਸਿੰਘ ਦਾ ਘਰ ਸੀ। ‘ਫੈਸਟੀਵਲ ਆਫ ਥੈੱਟਫੋਰਡ ਐਂਡ ਪੰਜਾਬ’ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਕਸਬੇ ਦੇ ਲਹਿਲਹਾਉਂਦੇ ਖੇਤ ਤੇ ਪਸ਼ੂ ਬਿਲਕੁਲ ਪੰਜਾਬ ਦੀ ਝਲਕ ਪੇਸ਼ ਕਰਦੇ ਹਨ।

 

ਇਤਿਹਾਸਕਾਰ ਤੇ ਦਾਸਤਾਂਗੋ ਸੀਮਾ ਆਨੰਦ ਨੇ ਇਸ ਉਤਸਵ ਦੇ ਆਖਰੀ ਦਿਨ 21 ਜੁਲਾਈ ਨੂੰ ਦਿਖਾਈ ਜਾਣ ਵਾਲੀ ਫਿਲਮ ‘ਪੰਜਾਬ ਟੂ ਥੈੱਟਫੋਰਡ’ ਦਾ ਸੰਦਰਭ ਬਿਆਨ ਕਰਦਿਆਂ ਦੱਸਿਆ, "ਥੈੱਟਫੋਰਡ ਦੇ ਐਲਵੀਡਨ ਮੈਨਰ ਵਿੱਚ ਪੰਜਾਬ ਦੇ ਆਖਰੀ ਮਹਾਰਾਜਾ ਕਈ ਸਾਲ ਬਿਤਾਏ ਹਨ। ਥੈੱਟਫੋਰਡੀਆਈ ਅਵਾਮ ਨੂੰ ਆਪਣੇ ਇਸ ਗ਼ੈਰਮਾਮੂਲੀ ਵਸਨੀਕ ’ਤੇ ਬੇਹੱਦ ਮਾਣ ਹੈ।"

ਉਂਜ, ਸ਼ਾਇਦ ਦਲੀਪ ਸਿੰਘ ਦਾ ਥੈੱਟਫੋਰਡ ਵਿੱਚ ਆ ਕੇ ਵੱਸਣਾ ਮਹਿਜ਼ ਮੌਕਾ ਮੇਲ ਨਹੀਂ ਸੀ। ਕਸਬੇ ਦੇ ਧੁਰ ਅੰਦਰ ਦਲੀਪ ਸਿੰਘ ਦਾ ਬੁੱਤ ਅੰਮ੍ਰਿਤਸਰ ਦੇ ਕੰਪਨੀ ਬਾਗ਼ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਹੂ-ਬ-ਹੂ ਮੇਲ ਖਾਂਦਾ ਹੈ। ਇਸ ਲਿਹਾਜ਼ ਤੋਂ ਦੋਵੇਂ ਸ਼ਹਿਰਾਂ ਦਰਮਿਆਨ ਕੋਈ ਕਰਮਾਂ ਦਾ ਨਾਤਾ ਜਾਪਦਾ ਹੈ।

‘ਸੌਵਰਨ, ਸਕੁਆਇਰ ਐਂਡ ਰੈਬਲ: ਮਹਾਰਾਜਾ ਦਲੀਪ ਸਿੰਘ ਐਂਡ ਦ ਹੀਅਰਜ਼ ਆਫ ਏ ਲੌਸਟ ਕਿੰਗਡਮ’ ਦੇ ਲੇਖਕ ਤੇ ਇਤਿਹਾਸਕਾਰ ਪੀਟਰ ਬੈਂਸ ਦੱਸਦੇ ਹਨ, "ਥੈੱਟਫੋਰਡ ਤੇ ਐਲਵੀਡਨ ਨਾਲ ਮਹਾਰਾਜੇ ਦੀਆਂ ਬਹੁਤ ਮਿੱਠੀਆਂ ਯਾਦਾਂ ਜੁੜੀਆਂ ਹੋਈਆਂ ਹਨ ਜਿੱਥੇ ਉਨ੍ਹਾਂ ਆਪਣਾ ਬਾਲਪਣ ਬਿਤਾਇਆ ਸੀ। ਇਹ ਉਹ ਥਾਂ ਸੀ ਜਿੱਥੇ ਉਹ ਪੰਜਾਬ ਦੀ ਸਿਆਸਤ ਤੇ ਵਾਈਟਹਾਲ ਬਰਤਾਨਵੀ ਸਰਕਾਰ ਦੀਆਂ ਕਠਪੁਤਲੀਆਂ ਤੋਂ ਬੇਲਾਗ ਸ਼ਾਂਤੀ ਨਾਲ ਰਹਿੰਦੇ ਸਨ। ਸ਼ਾਇਦ ਇਹੀ ਜਗ੍ਹਾ ਸੀ ਜਿੱਥੇ ਉਹ ਸਭ ਤੋਂ ਵੱਧ ਖ਼ੁਸ਼ੀਆਂ ਮਾਣਦੇ ਸਨ।"