ਅਮਰੀਕਾ 'ਚ ਭਾਰਤੀ ਵਿਦਿਆਰਥੀ ਦਾ ਗੋਲ਼ੀ ਮਾਰ ਕੇ ਕਤਲ
ਏਬੀਪੀ ਸਾਂਝਾ | 08 Jul 2018 12:54 PM (IST)
ਵਾਸ਼ਿੰਗਟਨ: ਅਮਰੀਕਾ ਦੇ ਕੰਸਾਸ ਵਿੱਚ ਭਾਰਤੀ ਮੂਲ ਦੇ ਵਿਦਿਆਰਥੀ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮੂਲ ਰੂਪ ਤੋਂ ਤੇਲੰਗਾਨਾ ਦਾ ਰਹਿਣ ਵਾਲਾ 26 ਸਾਲਾ ਸ਼ਰਤ ਕੋਪੂ ਇਸੇ ਸਾਲ ਜਨਵਰੀ ਵਿੱਚ ਅਮਰੀਕਾ ਪੜ੍ਹਾਈ ਕਰਨ ਗਿਆ ਸੀ। ਸ਼ਰਤ ਨੂੰ ਕਿਸੇ ਅਣਜਾਣ ਵਿਅਕਤੀ ਨੇ ਗੋਲ਼ੀ ਮਾਰ ਦਿੱਤੀ। ਪੁਲਿਸ ਨੂੰ ਹਾਲੇ ਤਕ ਹਮਲਾਵਰਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਸ਼ਰਤ ਕੋਪੂ ਦੇ ਰਿਸ਼ਤੇ ਵਿੱਚ ਭਰਾ ਲੱਗਦੇ ਸੰਦੀਪ ਵੇਮੁਲਕੋਂਡਾ ਨੇ ਕਿਹਾ ਕਿ ਉਨ੍ਹਾਂ ਦਾ ਭਰਾ ਬਹੁਤ ਉਮੀਦਾਂ ਨਾਲ ਅਮਰੀਕਾ ਪੜ੍ਹਨ ਆਇਆ ਸੀ। ਉਨ੍ਹਾਂ ਦੱਸਿਆ ਕਿ ਹਮਲੇ ਤੋਂ ਇੱਕ ਰਾਤ ਪਹਿਲਾਂ ਉਹ ਕੰਸਾਸ ਦੇ ਰੈਸਟੋਰੈਂਟ ਵਿੱਚ ਗਿਆ ਸੀ। ਰਾਤ ਨੂੰ ਲਗਪਗ ਅੱਠ ਵਜੇ ਅਣਜਾਣ ਲੋਕ ਆਏ ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਵਿੱਚੋਂ ਇੱਕ ਗੋਲ਼ੀ ਸ਼ਰਤ ਦੇ ਵੀ ਜਾ ਵੱਜੀ। ਸ਼ਰਤ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਟਵੀਟ ਕਰਕੇ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਮ੍ਰਿਤਕ ਦੇ ਭਰਾ ਸੰਦੀਪ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦੋਸ਼ੀਆਂ ਦੀ ਗ੍ਰਿਫ਼ਤਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਸ਼ਰਤ ਦੀ ਮ੍ਰਿਤਕ ਦੇਹ ਛੇਤੀ ਭਾਰਤ ਲਿਆਉਣ ਲਈ ਕੋਸ਼ਿਸ਼ ਕਰਨ।