ਚੰਡੀਗੜ੍ਹ: ਕਰਜ਼ੇ ਹੇਠ ਦੱਬੀ ਕਿਸਾਨੀ ਜਿੱਥੇ ਖ਼ੁਦਕੁਸ਼ੀਆਂ ਦੇ ਰਾਹ ਤੁਰੀ ਪਈ ਹੈ, ਉੱਥੇ ਹੀ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਜਗਤ ਸਿੰਘ ਵਾਲਾ ਦੀ ਮੁਟਿਆਰ ਨੇ ਖ਼ੁਦ ਨੂੰ 'ਖੇਤਾਂ ਦਾ ਪੁੱਤ' ਸਾਬਤ ਕੀਤਾ ਹੈ। ਪੱਚੀ ਸਾਲਾ ਹਰਜਿੰਦਰ ਕੌਰ ਨੇ ਤਿੰਨ ਭਰਾ ਤੇ ਪਿਓ ਗੁਆਉਣ ਮਗਰੋਂ ਪੰਜ ਏਕੜ ਜ਼ਮੀਨ 'ਤੇ ਖੇਤੀ ਕਰਨੀ ਸ਼ੁਰੂ ਕੀਤੀ।


ਹਰਜਿੰਦਰ ਕੌਰ ਦੱਸਦੀ ਹੈ ਕਿ ਹੁਣ ਉਹੀ ਘਰ ਵਿੱਚ ਕਮਾਊ ਹੈ। ਟ੍ਰੈਕਟਰ ਚਲਾਉਣਾ, ਖੇਤ ਵਾਹੁਣਾ, ਫ਼ਸਲ ਬੀਜਣੀ ਤੇ ਖੇਤ ਸਿੰਜਣ ਦੇ ਨਾਲ-ਨਾਲ ਨਵੇਂ ਬੀਜ ਤੇ ਖਾਦਾਂ ਖਰੀਦਣੀਆਂ, ਦਵਾਈਆਂ ਦਾ ਛਿੜਕਾਅ, ਵਾਢੀ ਤੇ ਜਿਣਸ ਵੇਚਣ ਤਕ ਦੇ ਸਾਰੇ ਕੰਮ ਹਰਜਿੰਦਰ ਖ਼ੁਦ ਕਰਦੀ ਹੈ।

ਇਸ ਬਹਾਦਰ ਕੁੜੀ ਨੇ ਜ਼ਮੀਨ ਠੇਕੇ 'ਤੇ ਦੇ ਕੇ ਦੂਜੇ ਦਰਜੇ ਦਾ ਕਿਸਾਨ ਬਣਨ ਦੀ ਥਾਂ ਖ਼ੁਦ ਵਾਹੁਣ ਦਾ ਫੈਸਲਾ ਕੀਤਾ। ਉਸ ਨੂੰ ਘਰ ਦੀ ਮਾੜੀ ਵਿੱਤੀ ਹਾਲਤ ਕਾਰਨ ਆਪਣੇ ਕਈ ਖੇਤੀ ਸੰਦ ਵੀ ਵੇਚਣੇ ਪਏ ਤੇ ਉਹ ਪਿੰਡ 'ਚੋਂ ਖੇਤੀ ਔਜ਼ਾਰ ਲੈ ਕੇ ਆਪਣੇ ਕੰਮ ਨਿਬੇੜਦੀ ਹੈ। ਹਰਜਿੰਦਰ ਨੂੰ ਬੈਂਕ ਦਾ ਕਰਜ਼ ਮੋੜਨ ਵਿੱਚ ਕੋਈ ਤਕਲੀਫ਼ ਨਹੀਂ। ਹਰਜਿੰਦਰ ਦਾ ਸੁਫ਼ਨਾ ਪੁਲਿਸ ਅਫ਼ਸਰ ਬਣਨ ਦਾ ਸੀ, ਪਰ ਘਰ ਦੀ ਜ਼ਿੰਮੇਵਾਰੀ ਕਰਕੇ ਉਸ ਨੂੰ ਆਪਣੀ ਪੜ੍ਹਾਈ ਵੀ ਵਿੱਚੇ ਛੱਡਣੀ ਪਈ।

ਹਰਜਿੰਦਰ ਦੀ ਮਾਂ ਮੁਖ਼ਤਿਆਰ ਕੌਰ ਨੂੰ ਆਪਣੀ ਪੁੱਤਾਂ ਤੋਂ ਵਧਕੇ ਧੀ 'ਤੇ ਬਹੁਤ ਮਾਣ ਹੈ। ਦਿਲ ਦੀ ਬਿਮਾਰੀ ਨਾਲ ਜੂਝ ਰਹੀ ਆਪਣੀ ਮਾਂ ਤੇ ਖ਼ੁਦ ਦੀ ਮਾਣ ਨਾਲ ਜਿਊਣ ਵਾਲੀ ਹਰਜਿੰਦਰ ਨੇੜੇ ਤੇੜੇ ਦੇ ਪਿੰਡਾਂ ਦੇ ਨੌਜਵਾਨਾਂ ਲਈ ਚਾਨਣ ਮੁਨਾਰਾ ਹੈ।