ਪੰਜਾਬ ਪੁਲਿਸ ਨੇ ਗੈਂਗਸਟਰ ਦਵਿੰਦਰ ਬੰਬੀਹਾ ਗਿਰੋਹ ਦੇ ਚਾਰ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਨਾਕੇ 'ਤੇ ਜਦੋਂ ਇਨ੍ਹਾਂ ਨੂੰ ਰੋਕਿਆ ਗਿਆ ਤਾਂ ਇਨ੍ਹਾਂ ਨੇ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ, ਪਰ ਪੁਲਿਸ ਨੇ ਘੇਰਾਬੰਦੀ ਕਰਕੇ ਇਨ੍ਹਾਂ ਨੂੰ ਕਾਬੂ ਕਰ ਲਿਆ। ਫੜੇ ਗਏ ਸਾਰੇ ਆਰੋਪੀਆਂ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।

ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਆਰੋਪੀਆਂ ਨਾਲ ਪੁੱਛਗਿੱਛ ਜਾਰੀ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਇਸ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣਗੇ।

 

 

 

ਫਾਇਰਿੰਗ ਤੋਂ ਬਾਅਦ ਪਿੱਛਾ ਕਰਕੇ ਕਾਬੂ ਕੀਤਾ

ਇਹ ਮਾਮਲਾ ਬਰਨਾਲਾ ਦਾ ਹੈ। ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ। ਇਸ ਦੌਰਾਨ ਦੋਸ਼ੀ ਉਥੋਂ ਲੰਘ ਰਹੇ ਸਨ। ਜਦੋਂ ਪੁਲਿਸ ਨੇ ਉਨ੍ਹਾਂ ਦੇ ਵਾਹਨ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਦੋਸ਼ੀਆਂ ਨੇ ਪੁਲਿਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਾਲਾਂਕਿ ਪੁਲਿਸ ਕਰਮਚਾਰੀਆਂ ਨੇ ਮੁਸ਼ਕਲ ਨਾਲ ਬਚਾਅ ਕੀਤਾ ਤੇ ਨਾਲ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦਾ ਵਾਹਨ ਵੀ ਪੁਲਿਸ ਨੇ ਜ਼ਬਤ ਕਰ ਲਿਆ ਹੈ।

22 ਤੋਂ ਵੱਧ ਕੇਸ ਦਰਜ

ਪੁਲਿਸ ਮੁਤਾਬਕ ਦੋਸ਼ੀਆਂ ਦੀ ਪਹਿਚਾਣ ਸਤਨਾਮ ਸਿੰਘ ਉਰਫ਼ ਸੱਤੀ, ਗੁਰਪ੍ਰੀਤ ਉਰਫ਼ ਗੁਰੀ, ਸਰਮ ਸਿੰਘ ਉਰਫ਼ ਰਿੰਕੂ ਅਤੇ ਦੀਪਕ ਸਿੰਘ ਵਜੋਂ ਹੋਈ ਹੈ। ਇਹ ਸਾਰੇ ਇਸ ਵੇਲੇ ਬਹੁਤ ਐਕਟਿਵ ਹਨ ਅਤੇ ਇੱਕ ਵੱਡੀ ਡਕੈਤੀ ਦੀ ਸਾਜ਼ਿਸ਼ ਰਚ ਰਹੇ ਸਨ। ਸਤਨਾਮ ਸਿੰਘ ਇੱਕ ਆਦਤਨ ਅਪਰਾਧੀ ਹੈ। ਉਸ ਦੇ ਖ਼ਿਲਾਫ਼ ਕਤਲ, ਕਤਲ ਦੇ ਯਤਨ, ਆਰਮਜ਼ ਐਕਟ ਅਤੇ ਐਨ.ਡੀ.ਪੀ.ਐਸ. ਐਕਟ ਸਮੇਤ 22 ਤੋਂ ਵੱਧ ਮਾਮਲੇ ਦਰਜ ਹਨ। ਸਰਮ ਸਿੰਘ ਅਤੇ ਦੀਪਕ ਸਿੰਘ ਨਸ਼ੀਲੇ ਪਦਾਰਥਾਂ ਦੇ ਵਪਾਰ ਨਾਲ ਵੀ ਜੁੜੇ ਹੋਏ ਹਨ।

ਜਿਗਾਨਾ ਪਿਸਤੌਲ ਬਰਾਮਦ

ਪੁਲਿਸ ਮੁਤਾਬਕ, ਦੋਸ਼ੀਆਂ ਦੇ ਕੋਲੋਂ 1 ਜਿਗਾਨਾ ਪਿਸਤੌਲ, 3 ਪਿਸਤੌਲ (.30 ਅਤੇ .32 ਬੋਰ) ਤੇ ਕਾਰਤੂਸ ਬਰਾਮਦ ਹੋਏ ਹਨ। ਹੁਣ ਪੁਲਿਸ ਇਹ ਪਤਾ ਲਗਾਉਣ ਵਿੱਚ ਲੱਗੀ ਹੈ ਕਿ ਆਖਿਰ ਇਹ ਹਥਿਆਰ ਉਨ੍ਹਾਂ ਕੋਲ ਕਿੱਥੋਂ ਆ ਰਹੇ ਸਨ। ਕਿਉਂਕਿ ਜਿਗਾਨਾ ਪਿਸਤੌਲ ਤੁਰਕੀ ਵਿੱਚ ਬਣੀ ਹੁੰਦੀ ਹੈ। ਪੁਲਿਸ ਹੁਣ ਉਨ੍ਹਾਂ ਦੇ ਨੈੱਟਵਰਕ ਦੀ ਜਾਂਚ ਕਰ ਰਹੀ ਹੈ।