ਕਿਸਾਨਾਂ ਦੀ ਨੇਕੀ ਕਦੋਂ ਪ੍ਰਾਪਤ ਕਰੇਗੀ 'ਕਰਜ਼ ਰੂਪੀ ਰਾਵਣ' ਦੀ ਬਦੀ 'ਤੇ ਜਿੱਤ, ਦੁਸਹਿਰੇ ਮੌਕੇ 4 ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ
ਏਬੀਪੀ ਸਾਂਝਾ | 01 Oct 2017 11:24 AM (IST)
ਚੰਡੀਗੜ੍ਹ: ਬੀਤੇ ਕੱਲ੍ਹ ਜਿੱਥੇ ਸਾਰਾ ਦੇਸ਼ ਭਗਵਾਨ ਰਾਮ ਚੰਦਰ ਦੀ ਨੇਕੀ ਦੀ ਰਾਵਣ ਦੀ ਬਦੀ 'ਤੇ ਜਿੱਤ ਦਾ ਜਸ਼ਨ ਮਨਾ ਰਿਹਾ ਸੀ, ਉਦੋਂ ਪੰਜਾਬ ਦਾ ਕਰਜ਼ਾ ਰੂਪੀ ਰਾਵਣ ਕਿਸਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਸੀ। ਖੇਤੀ ਸੰਕਟ ਤੇ ਕਰਜ਼ੇ ਦੇ ਦੈਂਤ ਨੇ ਬੀਤੇ ਦਿਨ ਪੰਜਾਬ ਦੇ 4 ਹੋਰ ਕਿਸਾਨਾਂ ਨੂੰ ਨਿਗਲ ਲਿਆ। ਸਰਕਾਰ ਦੀ ਨਾਅਹਿਲੀਅਤ ਕਰ ਕੇ ਪੰਜਾਬ ਦਾ ਅੰਨਦਾਤਾ ਖ਼ਾਸ ਤੌਰ 'ਤੇ ਛੋਟਾ ਕਿਸਾਨ ਰੋਜ਼ ਮੌਤ ਦੇ ਮੂੰਹ ਵਿੱਚ ਜਾ ਰਿਹਾ ਹੈ। ਮੌੜ ਮੰਡੀ ਦੇ ਪਿੰਡ ਡਿੱਖ ਦੇ ਨੌਜਵਾਨ ਕਰਜ਼ਈ ਕਿਸਾਨ ਰਾਜਪਾਲ ਸਿੰਘ ਨੇ ਬੀਤੇ ਕੱਲ੍ਹ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਦੇ ਦੱਸੇ ਅਨੁਸਾਰ ਰਾਜਪਾਲ 3 ਏਕੜ ਜ਼ਮੀਨ ਦਾ ਮਾਲਕ ਸੀ। ਰਾਜਪਾਲ ਸਿਰ ਇੱਕ ਨਿਜੀ ਬੈਂਕ ਦਾ ਕਰੀਬ 8 ਲੱਖ ਰੁਪਏ ਦਾ ਕਰਜ਼ ਸੀ। ਉਹ ਆਪਣੇ ਪਿੱਛੇ ਆਪਣੀ ਪਤਨੀ ਤੇ ਮਾਂ-ਪਿਓ ਛੱਡ ਗਿਆ ਹੈ। ਸਾਲ ਕੁ ਪਹਿਲਾਂ ਉਸ ਦਾ ਬੱਚਾ ਵੀ ਗੁਜ਼ਰ ਗਿਆ ਸੀ। ਮੋਗਾ ਦੇ ਪਿੰਡ ਕਿਸ਼ਨਗੜ੍ਹ ਦੇ 46 ਸਾਲਾ ਕਿਸਾਨ ਕਰਨੈਲ ਸਿੰਘ ਨੇ ਸਲਫਾਸ ਨਿਗਲ ਕੇ ਆਪਣੀ ਜਾਨ ਦੇ ਦਿੱਤੀ। ਬੀਤੇ ਦਿਨੀਂ ਪਟਿਆਲਾ ਵਿੱਚ ਕਿਸਾਨਾਂ ਵੱਲੋਂ ਵੱਡੇ ਪੱਧਰ 'ਤੇ ਦਿੱਤੇ ਧਰਨੇ ਤੋਂ ਬਾਅਦ ਨਿਰਾਸ਼ਾ ਵਿੱਚ ਉਸ ਨੇ ਇਹ ਕਦਮ ਚੁੱਕ ਲਿਆ। ਮ੍ਰਿਤਕ ਕਿਸਾਨ ਦੇ ਭਤੀਜੇ ਮੁਤਾਬਕ ਉਸ ਦੇ ਚਾਚੇ ਨੇ ਆਪਣਾ ਕਰਜ਼ਾ ਲਾਹੁਣ ਲਈ ਆਪਣੀ ਸਾਰੀ ਜ਼ਮੀਨ ਤਕਰੀਬਨ 1 ਏਕੜ ਵੇਚ ਦਿੱਤੀ ਸੀ ਅਤੇ ਉਸ ਸਿਰ ਹਾਲੇ ਵੀ ਢਾਈ ਲੱਖ ਰੁਪਏ ਦਾ ਕਰਜ਼ ਸੀ। ਬਨੂੜ ਨੇੜਲੇ ਪਿੰਡ ਖਿਜਰਗੜ੍ਹ ਕਨੌੜ ਦੇ ਕਿਸਾਨ ਬਹਾਦਰ ਸਿੰਘ ਨੇ ਕਿਸੇ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮਹੱਤਿਆ ਕਰ ਲਈ। 60 ਸਾਲਾ ਕਿਸਾਨ ਕੋਲ ਢਾਈ ਏਕੜ ਜ਼ਮੀਨ ਸੀ ਜਦਕਿ ਉਸ ਦੇ ਸਿਰ ਤਕਰੀਬਨ 20 ਲੱਖ ਦਾ ਕਰਜ਼ਾ ਸੀ। ਬੀਤੇ ਦਿਨੀਂ ਉਸ ਦਾ ਪਰਿਵਾਰ ਕਿਸੇ ਵਿਆਹ ਵਿੱਚ ਸ਼ਾਮਲ ਹੋਣ ਲਈ ਗਿਆ ਹੋਇਆ ਸੀ ਤੇ ਵਾਪਸ ਆਉਣ 'ਤੇ ਬਹਾਦਰ ਸਿੰਘ ਵਰਾਂਡੇ ਵਿੱਚ ਮ੍ਰਿਤਕ ਹਾਲਤ ਵਿੱਚ ਮਿਲਿਆ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਾਰੂ ਦੇ ਨੌਜਵਾਨ ਕਿਸਾਨ ਪਰਗਟ ਸਿੰਘ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਉਸ ਕੋਲ 4 ਕਨਾਲ ਜ਼ਮੀਨ ਸੀ ਤੇ ਉਹ 3 ਲੱਖ ਰੁਪਏ ਦਾ ਕਰਜ਼ਈ ਸੀ। 23 ਸਾਲਾ ਕਿਸਾਨ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਦੇ ਇੱਕ ਬੱਚਾ ਵੀ ਹੈ। ਇਹ ਖ਼ੁਦਕੁਸ਼ੀਆਂ ਦੇ ਅੰਕੜੇ ਦਿਨੋ ਦਿਨ ਵਧ ਰਹੇ ਹਨ ਤੇ ਸਰਕਾਰ ਇਸ ਬਾਰੇ ਕੋਈ ਵੀ ਠੋਸ ਕਦਮ ਚੁੱਕਣ ਤੋਂ ਅਸਮਰੱਥ ਵਿਖਾਈ ਦੇ ਰਹੀ ਹੈ। ਇਹ ਮਹਿਜ਼ ਇੱਕੋ ਦਿਨ 4 ਕਿਸਾਨਾਂ ਦਾ ਖ਼ੁਦਕੁਸ਼ੀ ਕਰ ਜਾਣਾ ਹੀ ਨਹੀਂ ਸਗੋਂ ਘੱਟੋ-ਘੱਟ 4 ਪਰਿਵਾਰਾਂ ਦਾ ਉਜਾੜਾ ਹੋ ਜਾਣਾ ਹੈ। ਕੁਦਰਤੀ ਮੌਤ ਨੂੰ ਟਾਲਿਆ ਨਹੀਂ ਜਾ ਸਕਦਾ ਪਰ ਕਿਸੇ ਦੁੱਖੋਂ ਦੇਸ਼ ਦਾ ਨਾਗਰਿਕ ਆਪਣੀ ਜਾਨ ਦੇ ਦੇਵੇ, ਇਹ ਰੋਕਣਾ ਸਰਕਾਰ ਦੇ ਵੱਸ ਵੀ ਹੈ ਅਤੇ ਉਸ ਦਾ ਫਰਜ਼ ਵੀ ਬਣਦਾ ਹੈ। ਉਂਝ ਪੰਜਾਬ ਸਰਕਾਰ ਨੇ ਕਿਸਾਨਾਂ ਦੇ 2-2 ਲੱਖ ਰੁਪਏ ਦਾ ਖੇਤੀ ਕਰਜ਼ ਮੁਆਫ ਕਰਨ ਲਈ ਐਲਾਨ ਤਾਂ ਕੀਤਾ ਹੋਇਆ ਹੈ ਪਰ ਕਈ ਮਹੀਨਿਆਂ ਤੋਂ ਸੂਬਾ ਸਰਕਾਰ, ਕੇਂਦਰ ਦੇ ਦਰ ਕਰਜ਼ ਮੁਆਫੀ ਦਾ ਜੁਗਾੜ ਕਰਨ ਲਈ ਗੇੜੇ ਕੱਢ ਰਹੀ ਹੈ। ਕੇਂਦਰ ਤੇ ਪੰਜਾਬ ਸਰਕਾਰ ਵਿਚਾਲੇ ਜਾਰੀ ਇਸ ਖਿੱਚੋਤਾਣ ਵਿੱਚ ਕਿਸਾਨ ਪਿਸ ਰਿਹਾ ਹੈ।