ਪਟਿਆਲਾ: ਪੰਜਾਬ ਸਰਕਾਰ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾ ਕੇ ਅਕਾਲ ਤਖ਼ਤ ਦੇ ਜਥੇਦਾਰ ਅਤੇ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੂੰ ਤਲਬ ਕੀਤਾ ਗਿਆ ਸੀ। ਇਸ 'ਤੇ ਵਿਚਾਰ ਕਰਨ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਇੱਕ ਹੰਗਾਮੀ ਮੀਟਿੰਗ ਪਟਿਆਲਾ ਦੇ ਗੁਰਦਵਾਰਾ ਦੁਖਨਿਵਾਰਨ ਸਾਹਿਬ ਵਿਖੇ ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਵਿਚ ਬੁਲਾਈ ਗਈ। ਇਸ ਮੀਟਿੰਗ ਵਿੱਚ ਲਿਆ ਗਿਆ ਕਿ ਐੱਸ.ਜੀ.ਪੀ.ਸੀ. ਜਸਟਿਸ ਰਣਜੀਤ ਸਿੰਘ ਕੋਮਿਸ਼ਨ ਦੇ ਸਾਹਮਣੇ ਪੇਸ਼ ਨਹੀ ਹੋਵੇਗੀ l ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਸਿੱਖ ਪੰਥ ਅਤੇ ਸ਼੍ਰੋਮਣੀ ਕਮੇਟੀ ਖਿਲਾਫ਼ ਸਾਜ਼ਿਸ਼ ਰਚ ਰਹੀ ਹੈ ਜਿਸ ਲਈ ਸਰਕਾਰ ਵਲੋਂ ਇਹ ਕਮਿਸ਼ਨ ਬਣਾਇਆ ਗਿਆ ਹੈ। ਉਨ੍ਹਾਂ ਸਾਫ ਕੀਤਾ ਕਿ ਕਮਿਸ਼ਨ ਵਲੋਂ ਇਸ ਤਰ੍ਹਾਂ ਸਿੱਖ ਆਗੂਆਂ ਨੂੰ ਤਲਬ ਕਰਨਾ ਗ਼ਲਤ ਹੈ ਅਤੇ ਸ਼੍ਰੋਮਣੀ ਕਮੇਟੀ ਕਿਸੇ ਵੀ ਅਦਾਲਤ ਸਾਹਮਣੇ ਨਹੀਂ ਪੇਸ਼ ਹੋ ਸਕਦੀ। ਇਸ ਲਈ ਫੈਸਲਾ ਲਿਆ ਗਿਆ ਕਿ ਆਉਣ ਵਾਲੀ 9 ਅਕਤੂਬਰ ਨੂੰ ਐੱਸ.ਜੀ.ਪੀ.ਸੀ. ਦਾ ਕੋਈ ਵੀ ਨੁਮਾਇੰਦਾ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਵੇਗਾl ਉਨ੍ਹਾਂ ਆਖਿਆ ਕਿ ਕਮਿਸ਼ਨ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਸਿੱਖ ਪੰਥ ਅਗੇ ਇਕ ਚੁਣੌਤੀ ਰੱਖੀ ਹੈ।