ਲੁਧਿਆਣਾ 'ਚ ਪੁਲਿਸ ਵੱਲੋਂ ਬੱਬਰ ਖ਼ਾਲਸਾ ਦੇ 7 ਅੱਤਵਾਦੀ ਕਾਬੂ
ਏਬੀਪੀ ਸਾਂਝਾ | 30 Sep 2017 04:14 PM (IST)
ਲੁਧਿਆਣਾ ਕਮਿਸ਼ਨਰੇਟ ਨੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਤਾਕ ਵਿੱਚ ਰੁੱਝੇ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਦੇ 7 ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 3 ਪਿਸਤੌਲ ਤੇ 32 ਕਾਰਤੂਸ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਇਨ੍ਹਾਂ ਵਿਰੁੱਧ ਲੁਧਿਆਣਾ ਦੇ ਥਾਣਾ ਨੰਬਰ 7 ਵਿੱਚ ਕੇਸ ਦਰਜ ਕਰ ਲਿਆ ਹੈ। ਗ੍ਰਿਫਤਾਰ ਕੀਤੇ ਬੱਬਰ ਖ਼ਾਲਸਾ ਦੇ ਕਾਰਕੁੰਨਾਂ ਵਿੱਚ ਕੁਲਦੀਪ ਸਿੰਘ ਰਿੰਪੀ ਵਾਸੀ ਬਸਤੀ ਜੋਧੇਵਾਲ, ਲੁਧਿਆਣਾ, ਜਸਬੀਰ ਸਿੰਘ ਜੱਸਾ ਵਾਸੀ ਪਿੰਡ ਬੱਲੀਪੁਰ ਥਾਣਾ ਤਰਨਤਾਰਨ, ਅਮਨਪ੍ਰੀਤ ਸਿੰਘ ਅਮਨਾ ਵਾਸੀ ਭੋਗਪੁਰ ਜਲੰਧਰ, ਮਨਪ੍ਰੀਤ ਸਿੰਘ ਵਾਸੀ ਪਿੰਡ ਸੋਖਾ ਕਲਾਂ ਥਾਣਾ ਸਮਾਲਕੇ ਜ਼ਿਲ੍ਹਾ ਮੋਗਾ, ਓਂਕਾਰ ਸਿੰਘ ਵਾਸੀ ਕਪੂਰ ਸਿੰਘ ਨਗਰ ਸੁਲਤਾਨ ਵਿੰਡ ਰੋਡ, ਅੰਮ੍ਰਿਤਸਰ, ਜੁਗਰਾਜ ਸਿੰਘ ਪਿੰਡ ਝਾੜੂ ਨੰਗਲ ਥਾਣਾ ਖਿਲਚੀਆਂ, ਜ਼ਿਲ੍ਹਾ ਅੰਮ੍ਰਿਤਸਰ ਅਤੇ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਸੋਹੀਆਂ ਕਲਾਂ ਥਾਣਾ ਮਜੀਠਾ, ਜ਼ਿਲ੍ਹਾ ਅੰਮ੍ਰਿਤਸਰ ਸ਼ਾਮਲ ਹਨ। ਪੁਲਿਸ ਕਮਿਸ਼ਨਰ ਆਰ.ਐਨ. ਢੋਕੇ ਨੇ ਪੱਤਰਕਾਰਾਂ ਨੂੰ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਇਹ ਸਫਲਤਾ ਹਾਸਲ ਕੀਤੀ ਗਈ ਹੈ। ਕਮਿਸ਼ਨਰ ਮੁਤਾਬਕ ਇੰਗਲੈਂਡ ਵਾਸੀ ਸੁਰਿੰਦਰ ਸਿੰਘ ਇਨ੍ਹਾਂ ਦੀ ਮਾਲੀ ਮਦਦ ਕਰ ਰਿਹਾ ਸੀ। ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਦਾ ਨਿਸ਼ਾਨਾ ਪੰਥ ਤੇ ਖ਼ਾਲਿਸਤਾਨ ਵਿਰੋਧੀ ਸੰਗਠਨ ਵਿਰੁੱਧ ਬੋਲਣ ਵਾਲੇ, ਕਈ ਹਿੰਦੂ ਨੇਤਾ ਤੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਸੀ। ਇਹ ਲੋਕ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਦੀ ਮੁਹਿੰਮ ਵੀ ਚਲਾ ਰਹੇ ਸਨ। ਪੁਲਿਸ ਇਨ੍ਹਾਂ ਤੋਂ ਪੜਤਾਲ ਕਰ ਰਹੀ ਹੈ।