ਬਰਨਾਲਾ 'ਚ ਅੱਧੀ ਰਾਤ ਨੂੰ ਰਿਕਸ਼ਾ ਚਾਲਕ ਦਾ ਕਤਲ
ਏਬੀਪੀ ਸਾਂਝਾ | 30 Sep 2017 01:04 PM (IST)
ਬਰਨਾਲਾ: 35 ਸਾਲਾ ਈ-ਰਿਕਸ਼ਾ ਚਲਾਕ ਦਾ ਬਰਨਾਲਾ ਦੇ ਪਿੰਡ ਖੁੱਡੀ ਕਲਾਂ ਵਿੱਚ ਕਤਲ ਹੋ ਗਿਆ ਹੈ। ਮ੍ਰਿਤਕ ਦੀ ਪਛਾਣ ਦਰਸ਼ਨ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਖੁੱਡੀ ਕਲਾਂ ਦੇ ਗੁਰਦੁਆਰੇ ਨੇੜੇ ਦਰਸ਼ਨ ਦੀ ਲਾਸ਼ ਮਿਲੀ ਸੀ। ਕਰਤਾਰ ਸਿੰਘ ਵਾਸੀ ਖੁੱਡੀ ਕਲਾਂ ਨੇ ਲਾਸ਼ ਦੇਖਦੇ ਹੀ ਪਿੰਡ ਦੀ ਪੰਚਾਇਤ ਤੇ ਪੁਲਿਸ ਨੂੰ ਇਤਲਾਹ ਕੀਤੀ। ਮੀਡਿਆ ਨਾਲ ਗੱਲ ਬਾਤ ਕਰਦੇ ਦੱਸਿਆ ਕਿ ਦਰਸ਼ਨ ਸਿੰਘ ਦੀ ਲਾਸ਼ ਉਸ ਦੇ ਘਰ ਦੇ ਬਾਹਰ ਪਈ ਸੀ, ਜਿਸ ਨੂੰ ਵੇਖ ਉਹ ਡਰ ਗਿਆ। ਜਾਣਕਾਰੀ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਗੁਰਦੁਆਰੇ ਵਿੱਚ ਲੱਗੇ ਸੀ.ਸੀ.ਟੀ.ਵੀ. ਦੀ ਫੁਟੇਜ ਸਾਹਮਣੇ ਆਈ। ਫੁਟੇਜ ਦੇ ਮੁਤਾਬਿਕ ਰਾਤ ਕਰੀਬ 1:18 ਵਜੇ ਤਿੰਨ ਮੋਟਰਸਾਈਕਲ ਸਵਾਰ ਆਏ ਅਤੇ ਮੋਟਰਸਾਈਕਲ ਦੀ ਪਿਛਲੀ ਸੀਟ 'ਤੇ ਬੈਠੇ ਵਿਅਕਤੀ ਨੂੰ ਚਲਦੇ ਹੋਏ ਮੋਟਰਸਾਈਕਲ ਤੋਂ ਸੁੱਟ ਦਿੱਤਾ ਤੇ ਫਰਾਰ ਹੋ ਗਏ। ਬਰਨਾਲਾ ਦੇ ਡੀ.ਐਸ.ਪੀ. ਰਾਜੇਸ਼ ਛਿੱਬਰ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਤੇ ਪੁਲਿਸ ਅੱਗੇ ਪੜਤਾਲ ਕਰ ਰਹੀ ਹੈ। ਛਿੱਬਰ ਨੇ ਇਹ ਵੀ ਕਿਹਾ ਕਿ ਉਹ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਤਲਾਸ਼ ਵੀ ਕਰ ਰਹੇ ਹਨ।