ਚੰਡੀਗੜ੍ਹ: ਅਕਾਲੀ ਦਲ ਦਾ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਬਲਾਤਕਾਰ ਦਾ ਪਰਚਾ ਦਰਜ ਹੋਣ ਤੋਂ ਬਾਅਦ ਅੱਜ ਅਦਾਲਤ ਵਿੱਚ ਸਮਰਪਣ ਕਰ ਸਕਦਾ ਹੈ। ਮਹਿਲਾ ਪੁਲਿਸ ਕਾਂਸਟੇਬਲ ਵੱਲੋਂ ਲੰਗਾਹ 'ਤੇ ਨੌਕਰੀ ਤੇ ਡਰਾ ਧਮਕਾ ਕੇ ਪਿਛਲੇ 8 ਸਾਲਾਂ ਤੋਂ ਬਲਾਤਕਾਰ ਕਰਨ ਦੇ ਇਲਜ਼ਾਮ ਲਾਏ ਹਨ। ਸੂਤਰਾਂ ਵੱਲੋਂ ਜਾਣਕਾਰੀ ਗੁਰਦਾਸਪੁਰ ਪੁਲਿਸ ਨੇ ਬੀਤੀ ਰਾਤ ਲੰਗਾਹ ਦੇ ਘਰ ਛਾਪੇਮਾਰੀ ਕੀਤੀ ਸੀ, ਪਰ ਲੰਗਾਹ ਨੂੰ ਗ੍ਰਿਫ਼ਤਾਰ ਕਰਨ ਤੋਂ ਨਾਕਾਮ ਰਹੀ। ਐਸ.ਐਸ.ਪੀ. ਗੁਰਦਾਸਪੁਰ, ਹਰਚਰਨ ਸਿੰਘ ਭੁੱਲਰ ਤੋਂ ਇਲਾਵਾ ਹੋਰ ਕੋਈ ਪੁਲਿਸ ਅਧਿਕਾਰੀ ਇਸ ਕੇਸ ਬਾਰੇ ਕੋਈ ਵੀ ਜਾਣਕਾਰੀ ਦੇਣ ਲਈ ਸਾਹਮਣੇ ਨਹੀਂ ਆ ਰਿਹਾ। ਬੀਤੀ ਰਾਤ ਲੰਗਾਹ ਦੇ ਐਸ.ਜੀ.ਪੀ.ਸੀ. ਤੇ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਉਸ ਨੇ ਆਪਣੇ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਸ਼ਨੀਵਾਰ ਨੂੰ ਅਦਾਲਤ ਵਿੱਚ ਸਮਰਪਣ ਕਰਨ ਦੀ ਗੱਲ ਵੀ ਕਹੀ ਸੀ। ਹਾਲਾਂਕਿ, ਲੰਗਾਹ ਦੇ ਸਮਰਪਣ ਸਬੰਧੀ ਜਾਣਕਾਰੀ ਪੁਲਿਸ ਕੋਲ ਵੀ ਨਹੀਂ ਹੈ। ਗੁਰਦਾਸਪੁਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 2008 ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਉਹ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਸੀ। ਤਰਸ ਦੇ ਆਧਾਰ ‘ਤੇ ਆਪਣੇ ਪਤੀ ਵਾਲੀ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਮੰਤਵ ਨਾਲ ਪੀੜਤਾ ਆਪਣੇ ਇਲਾਕੇ ਦੇ ਤਤਕਾਲੀ ਮੰਤਰੀ ਨੂੰ ਸਾਲ 2009 ਵਿੱਚ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਮਿਲੀ ਸੀ। ਪੀੜਤ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਲੰਗਾਹ ਦੀ ਧੀ ਨਾਲ ਪੜ੍ਹਦੀ ਸੀ ਤੇ ਇਸੇ ਕਾਰਨ ਲੰਗਾਹ ਕੋਲ ਮਦਦ ਲਈ ਗਈ ਸੀ। ਪੀੜਤਾ ਦੀ ਸ਼ਿਕਾਇਤ ਮੁਤਾਬਕ ਨੌਕਰੀ ਦੀ ਜ਼ਰੂਰਤ ਕਾਰਨ ਤੇ ਮੰਤਰੀ ਦੇ ਅਸਰ ਰਸੂਖ਼ ਕਾਰਨ ਉਹ ਬੇਵੱਸ ਹੋ ਗਈ ਤੇ ਮੰਤਰੀ ਨੇ ਉਸ ਨਾਲ ਬਲਾਤਕਾਰ ਕੀਤਾ।