ਫਾਜ਼ਿਲਕਾ: ਜ਼ਿਲਾ ਫਾਜ਼ਿਲਕਾ ਦੇ ਜਲਾਲਾਬਾਦ-ਅਬੋਹਰ ਰੋਡ ਤੇ ਸ਼ੁੱਕਰਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਕਿੰਨੂ ਤੋੜਨ ਜਾ ਰਹੀ ਲੇਬਰ ਦੀ ਪਿਕਅਪ ਗੱਡੀ ਪੱਲਟਨ ਕਾਰਨ ਦੋ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਨੇ ਹਸਪਤਾਲ ਜਾ ਤੇ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਦੋ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਹਾਦਸਾ ਗਰਸਤ ਗੱਡੀ 'ਚ 28 ਲੋਕ ਸਵਾਰ ਸੀ। ਪੁਲਿਸ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ 'ਚ ਲੱਗੀ ਹੈ। ਜ਼ਖਮੀਆਂ ਨੂੰ ਪੁਲਿਸ ਨੇ ਅਬੋਹਰ ਸਿਵਲ ਹਸਪਤਾਲ ਭਰਤੀ ਕਰਵਾਇਆ ਹੈ।


ਦੋ ਮ੍ਰਿਤਕਾਂ ਦੀ ਪਛਾਣ ਪ੍ਰਕਾਸ਼ ਕੌਰ ਤੇ ਸੁਖਵਿੰਦਰ ਕੌਰ ਵਜੋਂ ਹੋਈ ਹੈ।ਥਾਣਾ ਖੁਈਆਂ ਸਰਵਰ ਦੇ ਜਾਂਚ ਅਧਿਕਾਰੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਲਾਧੂਕਾ ਏਰੀਆ ਵੱਲੋਂ ਬਕੇਨਵਾਲਾ ਕਿੰਨੂ ਤੋੜਨ ਜਾ ਰਹੀ ਲੇਬਰ ਦੀ ਪਿਕਅਪ ਗੱਡੀ ਪਲਟਣ ਕਾਰਨ ਦੋ ਔਰਤਾਂ ਦੀ ਮੌਕੇ ਉੱਤੇ ਮੌਤ ਹੋ ਚੁੱਕੀ ਹੈ ਜਦੋਂ ਕਿ ਇਸ ਹਾਦਸੇ ਵਿੱਚ ਕਈ ਲੋਕ ਗੰਭੀਰ ਜ਼ਖਮੀ ਹੋਏ ਹਨ।ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਹਾਦਸੇ ਦਾ ਕਾਰਨ ਪਿਕਅਪ ਚਾਲਕ ਦੀ ਲਾਪ੍ਰਵਾਹੀ ਦੱਸਿਆ ਹੈ।

ਅਬੋਹਰ ਸਿਵਲ ਹਸਪਤਾਲ  ਦੇ ਡਾਕਟਰ ਅਕਸ਼ੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ 15 ਤੋਂ ਵੱਧ ਮਰੀਜ  ਐਮਰਜੇਂਸੀ ਵਿੱਚ ਆਏ ਹਨ ਅਤੇ 2 ਮ੍ਰਿਤਕ ਐਲਾਨੇ ਜਾ ਚੁੱਕੇ ਹਨ ਜਿਨ੍ਹਾਂ ਰਸਤੇ ਵਿੱਚ ਹੀ ਦਮ ਤੋੜ ਦਿੱਤਾ ਸੀ।8 ਲੋਕਾਂ ਦੀ ਹਾਲਤ ਨਾਜਕ ਬਣੀ ਹੋਈ ਹੈ। ਉਨ੍ਹਾਂ ਨੂੰ ਫਰੀਦਕੋਟ ਰੇਫਰ ਕੀਤਾ ਗਿਆ ਹੈ ।  ਬਾਕੀ ਵਾਰਡ ਵਿੱਚ ਭਰਤੀ ਕੀਤੇ ਗਏ ਹਨ। ਜ਼ਿਆਦਾ ਲਾਧੂਕਾ ਮੰਡੀ ਅਤੇ ਫਤਿਹਗੜ੍ਹ, ਫਾਜ਼ਿਲਕਾ ਆਦਿ ਪਿੰਡਾਂ ਦੇ ਹਨ।