ਦਿੱਲੀ ਦੀ ਹੱਦ ਤੋਂ ਰੌਬਟ ਦੀ ਰਿਪੋਰਟ

ਖੇਤੀ ਕਾਨੂੰਨਾਂ ਲੈ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਅੱਜ 16ਵਾਂ ਦਿਨ ਹੈ। ਕਿਸਾਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ। ਕਿਸਾਨ ਵੱਡੀ ਗਿਣਤੀ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਡੇਰਾ ਲਾਈ ਬੈਠੇ ਹਨ। ਕੁੰਡਲੀ ਬਾਰਡਰ ਤੋਂ ਲੈ ਸਿੰਘੂ ਮੋਰਚੇ ਤੱਕ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਦੀ ਲੰਬੀ ਕਤਾਰ ਲੱਗੀ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਬਿਨ੍ਹਾਂ ਵਾਪਸ ਮੁੜਨ ਨੂੰ ਤਿਆਰ ਨਹੀਂ।


ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬੀ ਜਿੱਥੇ ਵੀ ਜਾਂਦੇ ਹਨ, ਇੱਕ ਨਵਾਂ ਪੰਜਾਬ ਵਸਾ ਲੈਂਦੇ ਹਨ। ਦਿੱਲੀ ਦੀਆਂ ਸਰਹੱਦਾਂ ਤੇ ਵੀ ਕੁਝ ਐਸੇ ਹੀ ਨਜ਼ਾਰਾ ਹੈ। ਪੰਜਾਬੀਆਂ ਨੇ ਦਿੱਲੀ 'ਚ ਦਾਖਲ ਹੋਣ ਵਾਲੀਆਂ ਸਰਹੱਦਾਂ ਤੇ ਇੱਕ ਮਿੰਨੀ ਪੰਜਾਬ ਵਸਾ ਲਿਆ ਹੈ। ਚਾਹੇ TDI city ਹੋਵੇ ਜਾਂ ਸ਼ਾਪਿੰਗ ਮਾਲ ਹਰ ਥਾਂ ਕਿਸਾਨਾਂ ਦੀ ਵੱਡੀ ਭੀੜ ਨਜ਼ਰ ਆਉਂਦੀ ਹੈ। ਕਿਸਾਨ ਸੜਕ ਤੇ ਹੀ ਨਹਾਉਣ ਕੱਪੜੇ ਧੋਣ ਸਕੋਣ ਤੱਕ ਸਾਰਾ ਕੰਮ ਕਰ ਰਹੇ ਹਨ। ਕਈ ਹੋਟਲ ਤੇ ਢਾਬੇ ਦੇ ਮਾਲਕਾਂ ਨੇ ਖੱਲ੍ਹ ਦਿੱਲੀ ਨਾਲ ਕਿਸਾਨਾਂ ਨੂੰ ਆਪਣੇ ਟੈਂਟ ਲਾਉਣ ਤੇ ਨਹਾਉਣ ਧੋਣ ਲਈ ਥਾਂ ਦਿੱਤੀ ਹੈ।

ਕਿਸਾਨ ਅੰਦੋਲਨ ਵਿੱਚ ਸਵੇਰੇ ਸ਼ਾਮ ਪਾਠ ਪੂਜਾ ਵੀ ਹੁੰਦੀ ਹੈ। ਮੋਰਚੇ ਉੱਤੇ ਹੀ ਕਿਸਾਨਾਂ ਨੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਵੀ ਕੀਤੀ ਹੋਈ ਹੈ। ਅਕਸਰ ਅਸੀਂ ਵੇਖਦੇ ਹਾਂ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਜਾਂਦੇ ਹਨ। ਲੋਕ ਤੋੜ ਭੰਨ ਕਰਦੇ ਹਨ ਤੇ ਦੁਕਾਨਾਂ ਤੱਕ ਲੁਟ ਲੈਂਦੇ ਹਨ ਪਰ ਕਿਸਾਨ ਅੰਦੋਲਨ ਦੀ ਇਹੀ ਖੂਬਸੂਰਤੀ ਹੈ ਕਿ ਸਭ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਤਸਵੀਰਾਂ 'ਚ ਜ਼ਰੂਰ ਲੱਗਦਾ ਹੈ ਕਿ ਕਿਸਾਨਾਂ ਨੂੰ ਹਰ ਸੁਵਿਧਾ ਮਿਲ ਰਹੀ ਹੈ, ਕਿਸੇ ਕਿਸਮ ਦੀ ਔਖ ਨਹੀਂ ਪਰ ਅਸਲ 'ਚ ਸੜਕ ਤੇ ਜ਼ਿੰਦਗੀ ਬਹੁਤ ਮੁਸ਼ਕਲ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਜਲਦੀ ਤੋਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰੇ ਤੇ ਉਹ ਘਰ ਵਾਪਸ ਜਾਣ।

ਇਸ ਅੰਦੋਲਨ ਵਿੱਚ ਨੌਜਵਾਨਾਂ ਨੇ ਕਾਫੀ ਜੋਸ਼ ਭਰਿਆ ਹੈ। ਨੌਜਵਾਨ ਟਰੈਕਟਰਾਂ ਤੇ ਚੜ੍ਹ ਖੇਤੀ ਕਾਨੂੰਨਾਂ ਵਿਰੁਧ ਪੋਸਟਰ ਲੈ ਕੇ ਮੋਦੀ ਸਰਕਾਰ ਖਿਲਾਫ ਨਾਅਰੇ ਲਾਉਂਦੇ ਹਨ। ਕਿਸਾਨਾਂ ਦੇ ਇਹ ਅੰਦੋਲਨ ਸ਼ਾਂਤਮਈ ਢੰਗ ਨਾਲ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਕਿਸਾਨਾਂ ਪਹਿਲਾਂ ਪੰਜਾਬ ਵਿੱਚ ਪ੍ਰਦਰਸ਼ਨ ਕਰ ਰਹੇ ਸੀ ਤੇ ਹੁਣ ਕਿਸਾਨ ਦਿੱਲੀ 'ਚ ਸ਼ਾਂਤਮਈ ਢੰਗ ਨਾਲ ਆਪਣਾ ਵਿਰੋਧ ਪ੍ਰਦਰਸ਼ਨ ਜ਼ਾਹਿਰ ਕਰ ਰਹੇ ਹਨ।