ਤਰਨ ਤਾਰਨ: ਜ਼ਿਲ੍ਹੇ ਦੇ ਥਾਣੇ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਬਲੇਰ ਦੇ ਨੌਜਵਾਨ ਤੇ ਉਸ ਦੇ ਤਿੰਨ ਸਾਥੀਆਂ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਹੈ। ਮ੍ਰਿਤਕਾਂ ਵਿੱਚ ਤਰਨ ਤਾਰਨ ਜ਼ਿਲ੍ਹੇ ਦੇ ਬਲੇਰ ਵਾਸੀ ਗੁਰਲਵਜੀਤ ਤੋਂ ਇਲਾਵਾ ਇਸੇ ਜ਼ਿਲ੍ਹੇ ਦੇ ਪਿੰਡ ਚੀਮਾ ਕਲਾਂ ਤੇ ਪੱਖੋਕੇ ਤੇ ਲੁਧਿਆਣਾ ਦਾ ਇੱਕ-ਇੱਕ ਪੰਜਾਬੀ ਨੌਜਵਾਨ ਵੀ ਸ਼ਾਮਲ ਹੈ। ਘਟਨਾ ਬੀਤੇ ਐਤਵਾਰ ਸਵੇਰ ਛੇ ਵਜੇ ਲਿਬਨਾਨ ਦੇ ਸ਼ਹਿਰ ਯਾਲਾ ਦੀ ਹੈ ਜਿੱਥੇ ਗੁਰਲਵਜੀਤ ਸੱਤ ਕੁ ਮਹੀਨੇ ਪਹਿਲਾਂ ਹੀ ਗਿਆ ਸੀ।


ਪਿਛਲੇ ਦਿਨੀਂ ਉਹ ਕੁਝ ਹੋਰ ਪੰਜਾਬੀ ਨੌਜਵਾਨਾਂ ਨਾਲ ਰਲ ਕੇ ਆਪਣੇ ਸਾਥੀ ਨੌਜਵਾਨ ਦੀ ਪੰਜਾਬ ਘਰ ਵਾਪਸੀ ਕਾਰਨ ਲੋਕ ਡੀਜੇ ਲਾ ਕੇ ਖੁਸ਼ੀਆਂ ਮਨਾ ਰਹੇ ਸਨ। ਸਥਾਨਕ ਨੌਜਵਾਨ ਨੇ ਪੰਜਾਬੀਆਂ ਨੂੰ ਉੱਚੀ ਆਵਾਜ਼ ਵਿੱਚ ਡੀਜੇ ਲਾਉਣ ਤੋਂ ਰੋਕਿਆ ਤੇ ਝਗੜਾ ਵਧਦਾ ਦੇਖ ਕੇ ਪੰਜਾਬੀ ਨੌਜਵਾਨਾਂ ਨੇ ਡੀਜੇ ਬੰਦ ਕਰ ਦਿੱਤਾ।

ਕੁਝ ਦੇਰ ਬਾਅਦ ਜਦ ਇਹ ਸਭ ਸੁੱਤੇ ਪਏ ਸੀ, ਤਾਂ ਗੁੱਸੇ ਵਿੱਚ ਆਏ ਨੌਜਵਾਨ ਨੇ ਇਨ੍ਹਾਂ ਉਤੇ ਗੋਲ਼ੀਆਂ ਚਲਾ ਦਿੱਤੀਆਂ। ਘਟਨਾ ਵਿੱਚ ਗੁਰਲਵਜੀਤ ਸਿੰਘ ਦੇ ਮਾਰੇ ਜਾਣ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਹੈ। ਗੋਲ਼ੀਬਾਰੀ ਵਿੱਚ ਕੁਝ ਪੰਜਾਬੀ ਨੌਜਵਾਨਾਂ ਦੇ ਜ਼ਖਮੀ ਹੋਣ ਦੀ ਖ਼ਬਰ ਵੀ ਹੈ।

ਪਰਿਵਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕਰਵਾ ਕੇ ਮ੍ਰਿਤਕ ਦੀ ਦੇਹ ਜਲਦੀ ਭਾਰਤ ਲਿਆਉਣ ਤੇ ਆਰਥਿਕ ਸਹਾਇਤਾ ਦੀ ਮੰਗ ਵੀ ਕੀਤੀ ਹੈ।