ਚੰਡੀਗੜ੍ਹ: ਪੰਜਾਬ ਪੁਲਿਸ ਦੀ ਹਾਕੀ ਟੀਮ ਉਪਰ ਚਾਰ ਸਾਲ ਲਈ ਬੈਨ ਲੱਗ ਗਿਆ ਹੈ। ਇਸ ਦੇ ਨਾਲ ਹੀ ਪੀਐਨਬੀ ’ਤੇ ਦੋ ਸਾਲ ਦੀ ਪਾਬੰਦੀ ਲਾਈ ਗਈ ਹੈ। ਸੋਮਵਾਰ ਨੂੰ ਦਿੱਲੀ ਵਿਖੇ 56ਵੇਂ ਨਹਿਰੂ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਦੋਵੇਂ ਟੀਮਾਂ ਦੇ ਖਿਡਾਰੀ ਛਿੱਤਰੋ-ਛਿੱਤਰੀ ਹੋ ਗਏ ਸੀ। ਗਰਾਊਂਡ ਜੰਗ ਦਾ ਮੈਦਾਨ ਬਣ ਗਿਆ ਸੀ ਤੇ ਖਿਡਾਰੀ ਲਹੂ-ਲੁਹਾਣ।

ਇਸ ਮਗਰੋਂ ਸਖਤ ਫੈਸਲਾ ਲੈਂਦਿਆਂ ਜਵਾਹਰ ਲਾਲ ਨਹਿਰੂ ਹਾਕੀ ਟੂਰਨਾਮੈਂਟ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਪੰਜਾਬ ਪੁਲਿਸ ’ਤੇ ਚਾਰ ਸਾਲ, ਜਦਕਿ ਪੀਐਨਬੀ ’ਤੇ ਦੋ ਸਾਲ ਦੀ ਪਾਬੰਦੀ ਲਾਈ ਗਈ ਹੈ। ਪ੍ਰਬੰਧਕਾਂ ਨੇ ਕਿਹਾ ਕਿ ਉਹ ਦੋਵਾਂ ਟੀਮਾਂ ਦੇ ਪ੍ਰਬੰਧਕਾਂ ਨੂੰ ਦੋਸ਼ੀ ਖਿਡਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਨੂੰ ਕਹਾਂਗੇ।

ਉਧਰ, ਹਾਕੀ ਇੰਡੀਆ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਤੇ ਟੂਰਨਾਮੈਂਟ ਦੇ ਨਿਰਦੇਸ਼ਕ ਮਹੇਸ਼ ਕੁਮਾਰ ਨੂੰ ਵੇਰਵੇ ਸਣੇ ਰਿਪੋਰਟ ਦੇਣ ਨੂੰ ਕਿਹਾ ਹੈ। ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਵੀ ਹਾਕੀ ਇੰਡੀਆ ਨੂੰ ਇਸ ਘਟਨਾ ਵਿੱਚ ਸ਼ਾਮਲ ਖਿਡਾਰੀਆਂ ਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨੂੰ ਕਿਹਾ ਹੈ। ਬੱਤਰਾ ਕੌਮਾਂਤਰੀ ਹਾਕੀ ਫੈਡਰੇਸ਼ਨ (ਐਫਆਈਐਚ) ਦੇ ਮੁਖੀ ਵੀ ਹਨ।

ਦਰਅਸਲ ਲੜਾਈ ਉਸ ਸਮੇਂ ਸ਼ੁਰੂ ਹੋਈ ਜਦੋਂ ਦੋਵੇਂ ਟੀਮਾਂ 3-3 ਨਾਲ ਬਰਾਬਰੀ ’ਤੇ ਸਨ ਤੇ ਗੇਂਦ ਪੰਜਾਬ ਪੁਲਿਸ ਦੇ ਸਰਕਲ ਵਿੱਚ ਪੀਐਨਬੀ ਕੋਲ ਸੀ। ਖਿਡਾਰੀਆਂ ਨੇ ਟਰਫ਼ ਵਿੱਚ ਹੀ ਇੱਕ-ਦੂਜੇ ’ਤੇ ਮੁੱਕਿਆਂ ਤੇ ਹਾਕੀਆਂ ਨਾਲ ਹਮਲਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਟੂਰਨਾਮੈਂਟ ਦੇ ਅਧਿਕਾਰੀਆਂ ਨੇ ਵਿਚਾਲੇ ਪੈ ਕੇ ਖਿਡਾਰੀਆਂ ਨੂੰ ਰੋਕਿਆ।

ਦੋਵਾਂ ਟੀਮਾਂ ਦੇ ਤਿੰਨ-ਤਿੰਨ ਖਿਡਾਰੀਆਂ ਨੂੰ ਲਾਲ ਕਾਰਡ ਵਿਖਾਇਆ ਗਿਆ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਮੈਨੇਜਰ ਨੂੰ ਵੀ ਆਪਣੇ ਖਿਡਾਰੀਆਂ ਨੂੰ ਉਕਸਾਉਣ ਲਈ ਲਾਲ ਕਾਰਡ ਮਿਲਿਆ। ਖੇਡ ਕੁਝ ਸਮਾਂ ਰੁਕੀ ਰਹੀ ਤੇ ਦੋਵੇਂ ਟੀਮਾਂ ਦੇ ਅੱਠ-ਅੱਠ ਖਿਡਾਰੀਆਂ ਨਾਲ ਮੈਚ ਅੱਗੇ ਸ਼ੁਰੂ ਹੋਇਆ। ਪੀਐਨਬੀ ਨੇ ਅਖ਼ੀਰ ਵਿੱਚ ਇਹ ਮੈਚ 6-3 ਨਾਲ ਜਿੱਤਿਆ।