ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥਕ ਰਵਾਇਤਾਂ ਅਨੁਸਾਰ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧ ਵਿਚ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ, ਜਿਸ ਮਗਰੋਂ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ ਹੋਈ।
ਪਹਿਲੇ ਦਿਨ ਦੇ ਸਮਾਗਮਾਂ ਤਹਿਤ ਸੰਗਤਾਂ ਵੱਲੋਂ ਕੀਤੇ ਗਏ 20 ਹਜ਼ਾਰ ਸਹਿਜ ਪਾਠਾਂ ਦੇ ਭੋਗ ਪਾਏ ਗਏ। ਕੋਰੋਨਾ ਦੇ ਚੱਲਦਿਆਂ ਸਮਾਗਮ ਸੰਕੇਤਕ ਰੂਪ ਵਿਚ ਹੀ ਸਜਾਏ ਗਏ। ਕੁਝ ਸੰਗਤਾਂ ਨੇ ਸਹਿਜਪਾਠਾਂ ਦੇ ਭੋਗ ਸਮੇਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸ਼ਮੂਲੀਅਤ ਕੀਤੀ, ਜਦਕਿ ਬਾਕੀ ਸੰਗਤਾਂ ਵੱਖ-ਵੱਖ ਚੈਨਲਾਂ ਦੇ ਮਾਧਿਅਮ ਰਾਹੀਂ ਸਹਿਜ ਪਾਠਾਂ ਦੇ ਭੋਗ ਨਾਲ ਜੁੜੀਆਂ।
ਸਹਿਜ ਪਾਠ ਕਰਨ ਵਾਲੀਆਂ ਇਹ 20 ਹਜ਼ਾਰ ਦੇ ਕਰੀਬ ਸੰਗਤਾਂ ਵੱਖ-ਵੱਖ ਦੇਸ਼ਾਂ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਸਹਿਜ ਪਾਠ ਸੇਵਾ ਲਹਿਰ ਸੰਸਥਾ ਦੇ ਸਹਿਯੋਗ ਨਾਲ ਪ੍ਰੇਰਿਤ ਕੀਤਾ ਗਿਆ ਸੀ। ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ ’ਤੇ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੁੜਨ ਲਈ ਪ੍ਰੇਰਿਆ।
ਵੱਖ ਵੱਖ ਵਿਦਵਾਨਾਂ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਕਿਹਾ ਕਿ ਸ਼ਤਾਬਦੀ ਦਿਹਾੜੇ ਆਪਣੇ ਇਤਿਹਾਸ ਨਾਲ ਜੁੜਨ ਅਤੇ ਧਰਮ ਦੀਆਂ ਕਦਰਾਂ-ਕੀਮਤਾਂ ਨੂੰ ਅਪਨਾਉਣ ਲਈ ਸੁਨਹਿਰੀ ਮੌਕਾ ਹੁੰਦੇ ਹਨ। ਇਸ ਲਈ ਸਾਡਾ ਸਭ ਦਾ ਫ਼ਰਜ਼ ਹੈ ਕਿ ਗੁਰਮਤਿ ਵਿਚਾਰਧਾਰਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ।
ਬੀਬੀ ਜਗੀਰ ਕੌਰ ਨੇ ਕਿਹਾ ਕਿ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਵੱਡੀ ਗਿਣਤੀ ਸੰਗਤਾਂ ਨੇ ਸਹਿਜ ਪਾਠ ਕਰਕੇ ਨੌਵੇਂ ਪਾਤਸ਼ਾਹ ਜੀ ਨੂੰ ਸ਼ਰਧਾ ਅਰਪਿਤ ਕੀਤੀ ਹੈ ਅਤੇ ਇਹ ਲਹਿਰ ਘਰ-ਘਰ ਤੱਕ ਪਹੁੰਚਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਸਹਿਜ ਪਾਠ ਦੀ ਪ੍ਰੰਪਰਾ ਸਿੱਖ ਧਰਮ ਅੰਦਰ ਪੁਰਾਣੀ ਅਤੇ ਇਸ ਨਾਲ ਗੁਰਬਾਣੀ ਨੂੰ ਵਿਚਾਰਦਿਆਂ ਡੂੰਘੇ ਤੇ ਜੀਵਨ ਨੂੰ ਸੁਖਾਵਾਂ ਬਣਾਉਣ ਵਾਲੇ ਅਰਥਾਂ ਦੀ ਸਮਝ ਪੈਂਦੀ ਹੈ।
ਇਸ ਮੌਕੇ ਕਾਰ ਸੇਵਾ ਸੰਪਰਦਾਇ ਕਿਲ੍ਹਾ ਅਨੰਦਗੜ੍ਹ ਸਾਹਿਬ ਵੱਲੋਂ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਪ੍ਰਬੰਧ ਕੀਤੇ ਸਨ। ਮੁੱਖ ਅਸਥਾਨ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਸੀ abp Sanjha ਨਾਲ ਵਿਸ਼ੇਸ਼ ਗੱਲ-ਬਾਤ ਕਰਦਿਆਂ sgpc ਮੈਂਬਰ ਭਾਈ ਰਾਮ ਸਿੰਘ ਨੇ ਕਿਹਾ ਕਿ ਕਰੋਨਾ ਕਾਰਨ ਬੇਸ਼ਕ ਸਮਾਗਮਾਂ ਵੱਡੇ ਪੱਧਰ 'ਤੇ ਨਹੀਂ ਕਰਵਾਏ ਜਾ ਰਹੇ ਪਰ ਜਦੋਂ ਵੀ ਹਾਲਾਤ ਠੀਕ ਹੁੰਦੇ ਹਨ ਇਹ ਸਮਾਗਮ ਦੁਬਾਰਾ ਬਹੁਤ ਵੱਡੀ ਪੱਧਰ 'ਤੇ ਮਨਾਏ ਜਾਣਗੇ ਤੇ ਪੂਰਾ ਸਾਲ ਹੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਚੱਲਣਗੇ|