ਜਲੰਧਰ: ਪੰਜਾਬ ਵਿੱਚ 40,000 ਔਰਤਾਂ ਪ੍ਰਵਾਸੀ ਲਾੜਿਆਂ ਦੇ ਇੰਤਜ਼ਾਰ ਵਿੱਚ ਹਨ। ਇਨ੍ਹਾਂ ਵਿੱਚੋਂ 20,000 ਔਰਤਾਂ ਦੁਆਬੇ ਖੇਤਰ ਦੀਆਂ ਹਨ। ਸਾਲਾਂ ਤੋਂ ਇਨਸਾਫ ਦੀ ਉਮੀਦ ਵਿੱਚ ਜਿਊਂਦੀਆਂ ਹਨ, ਪਰ ਪੁਲਿਸ, ਅਦਾਲਤ ਤੇ ਸਰਕਾਰਾਂ ਕਿਸੇ ਨੇ ਇਨ੍ਹਾਂ ਦੀ ਪ੍ਰੇਸ਼ਾਨੀ ਦਾ ਹੱਲ ਨਹੀਂ ਕੱਢਿਆ। ਨਾ ਹੀ ਆਪਣੀ ਪਤਨੀ ਨੂੰ ਛੱਡਣ ਵਾਲੇ ਕਿਸੇ ਐਨਆਰਆਈ ਖ਼ਿਲਾਫ ਸਖ਼ਤ ਕਾਰਵਾਈ ਲਈ ਕੋਈ ਕਾਨੂੰਨ ਬਣਿਆ ਹੈ।

ਵਿਦੇਸ਼ਾਂ ਵਿੱਚ ਵੱਸੇ ਮੁੰਡੇ ਪੰਜਾਬ ਆ ਕੇ ਕੁੜੀ ਵਾਲਿਆਂ ਨੂੰ ਸਬਜ਼ਬਾਗ਼ ਦਿਖਾ ਕੇ ਵਿਆਹ ਕਰਵਾ ਲੈਂਦੇ ਹਨ। ਕੁਝ ਦਿਨ ਇਕੱਠੇ ਰਹਿਣ ਮਗਰੋਂ ਵਿਦੇਸ਼ ਚਲੇ ਜਾਂਦੇ ਹਨ। ਪਤਨੀ ਨੂੰ ਇਹ ਕਹਿ ਕੇ ਜਾਂਦੇ ਹਨ ਕਿ ਉਸ ਨੂੰ ਜਲਦ ਹੀ ਬੁਲਾ ਲੈਣਗੇ, ਪਰ ਪਤੀ ਦੇ ਇੰਤਜ਼ਾਰ ਵਿੱਚ ਮੁਟਿਆਰਾਂ ਜਿਊਂਦੀ ਲਾਸ਼ ਬਣ ਕੇ ਰਹਿ ਜਾਂਦੀਆਂ ਹਨ।

ਜ਼ਰੂਰ ਪੜ੍ਹੋ- ਪਤਨੀਆਂ ਛੱਡਣ ਵਾਲੇ 45 ਪ੍ਰਵਾਸੀ ਭਾਰਤੀਆਂ ਦੇ ਪਾਸਪੋਰਟ ਰੱਦ

ਪੰਜਾਬ ਵਿੱਚ 627 ਐਨਆਰਆਈਜ਼ ਨੂੰ ਪੁਲਿਸ ਨੇ ਭਗੌੜਾ ਐਲਾਨ ਦਿੱਤਾ ਹੈ। ਇਨ੍ਹਾਂ ਖ਼ਿਲਾਫ਼ ਅਪਰਾਧਿਕ ਸਮੇਤ ਹੋਰ ਵੀ ਗੰਭੀਰ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਸਭ ਤੋਂ ਵੱਧ ਮਾਮਲੇ ਜਲੰਧਰ ਦਿਹਾਤ ਥਾਣੇ ਵਿੱਚ ਦਰਜ ਹਨ। ਹਾਲਾਂਕਿ, ਪਿਛਲੇ ਦਿਨੀਂ ਵਿਦੇਸ਼ ਮੰਤਰਾਲੇ ਨੇ ਅਜਿਹੇ ਹੀ 45 ਲਾੜਿਆਂ ਦੇ ਪਾਸਪੋਰਟ ਰੱਦ ਕੀਤੇ ਸੀ। ਪਰ ਜੁਰਮ ਦੀ ਗਿਣਤੀ ਦੇ ਹਿਸਾਬ ਨਾਲ ਇਹ ਅੰਕੜਾ ਬੇਹੱਦ ਥੋੜ੍ਹਾ ਹੈ।

ਹਾਲਾਂਕਿ, ਬੀਤੀ 11 ਜਨਵਰੀ ਨੂੰ ਰਾਜ ਸਭਾ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪ੍ਰਵਾਸੀ ਲਾੜਿਆਂ ਲਈ 'ਦ ਰਜਿਸਟ੍ਰੇਸ਼ਨ ਆਫ ਮੈਰਿਜ ਆਫ ਨਾਨ ਰੈਡਜ਼ੀਡੈਂਟ ਇੰਡੀਅਨ ਬਿਲ' ਪੇਸ਼ ਕੀਤਾ। ਪਰ ਸੰਸਦ ਮੈਂਬਰਾਂ ਵੱਲੋਂ ਜ਼ੋਰ ਨਾ ਲਾਏ ਜਾਣ ਕਾਰਨ ਇਹ ਬਿਲ ਫਸ ਗਿਆ। ਹੁਣ ਇਹ ਬਿਲ 17ਵੀਂ ਲੋਕ ਸਭਾ ਵਿੱਚ ਪਾਸ ਹੋ ਸਕਦਾ ਹੈ।