ਚੰਡੀਗੜ੍ਹ: ਸਾਫ਼ ਸਫ਼ਾਈ ਦੇ ਮਾਮਲੇ ‘ਚ ਪੰਜਾਬ ਦੀ ਰੈਂਕਿੰਗ ‘ਚ ਆਏ ਸੁਧਾਰ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਵਧਾਈ ਦਿੱਤੀ ਹੈ। ਸਾਫ਼-ਸਫ਼ਾਈ ਦੇ ਮਾਮਲੇ ‘ਚ ਸੂਬੇ ਦੀ ਰੈਂਕਿੰਗ ਦਾ ਖੁਲਾਸਾ ‘ਸਵੱਛ ਸਰਵੇਖਣ-2019’ ‘ਚ ਹੋਇਆ ਹੈ। ਜਿਸ ਮੁਤਾਬਕ ਪੰਜਾਬ ਪਿਛਲੇ ਸਾਲ ਨੌਵੇਂ ਸਥਾਨ ‘ਤੇ ਸੀ ਅਤੇ ਇਸ ਸਾਲ ਉਹ ਦੋ ਨੰਬਰ ਅੱਗੇ ਯਾਨੀ 7ਵੇਂ ਸਥਾਨ ‘ਤੇ ਹੈ।
ਸਰਵੇਖਣ ‘ਚ ਪੰਜਾਬ ਨੇ ਉੱਤਰੀ ਭਾਰਤ ‘ਚ ਸਫ਼ਾਈ ਦੇ ਮਾਮਲੇ ‘ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਨਵੀਂ ਦਿੱਲੀ ਦੇ ਵਿਗੀਆਨ ਭਵਨ ‘ਚ ਭਾਰਤ ਦੇ ਰਾਸ਼ਟਰਪਤੀ ਵੱਲੋਂ ਸਰਵੇਖਣ ਦਾ ਐਲਾਨ ਕੀਤਾ ਗਿਆ। ਜਿਸ ‘ਚ ਇੱਕ ਲੱਖ ਤੋਂ ਜ਼ਿਆਦਾ ਦੀ ਆਬਾਦੀ ਵਾਲੇ ਸ਼ਹਿਰਾਂ ਵਿੱਚੋਂ ਨਵਾਂ ਸ਼ਹਿਰ ਉੱਤਰੀ ਜ਼ੋਨ ਦਾ ਸਭ ਤੋਂ ਸਾਫ਼ ਸ਼ਹਿਰ ਹੈ।
ਨਾਲ ਹੀ ਮੁੱਖ ਮੰਤਰੀ ਨੇ ਬਠਿੰਡਾ ਅਤੇ ਪਟਿਆਲਾ ਨੂੰ ਵੀ ਦੇਸ਼ ਦੇ ਸਾਫ਼-ਸੁਧਰੇ 100 ਸ਼ਾਹਿਰਾਂ ‘ਚ ਲਿਆਉਣ ਲਈ ਵਿਭਾਗ ਨੂੰ ਵਧਾਈ ਦਿੱਤੀ ਹੈ। ਪਰ ਜੇਕਰ ਗੱਲ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਕੀਤੀ ਜਾਵੇ ਤਾਂ ਸਰਵੇਖਣ ‘ਚ ਇਸ ਦੀ ਪੋਲ ਖੁਲ੍ਹ ਗਈ ਹੈ।
ਜੀ ਹਾਂ, ਚੰਡੀਗੜ੍ਹ ਹੁਣ ਸਾਫ਼ ਸਫਾਈ ਦੇ ਮਾਮਲੇ ‘ਚ ਆਪਣੀ ਪਛਾਣ ਖੋਹ ਰਿਹਾ ਹੈ। ਸਵੱਛਤਾ ਰੈਂਕਿੰਗ ‘ਚ ਚੰਡੀਗੜ੍ਹ ਤੀਜੇ ਤੋਂ ਘੱਟ ਕੇ ਸਿੱਧਾ 20ਵੇਂ ਸਥਾਨ ‘ਤੇ ਆ ਗਿਆ ਹੈ। ਜਦਕਿ ਪਿਛਲੇ ਸਾਲ ਦੇ ਸਰਵੇਖਣ ‘ਚ ਚੰਡੀਗੜ੍ਹ ਨੂੰ ਤੀਜਾ ਸਥਾਨ ਹਾਸਲ ਹੋਇਆ ਸੀ।
ਕੁਝ ਅਜਿਹਾ ਹੀ ਹਾਲ ਮੋਹਾਲੀ ਦਾ ਵੀ ਹੈ। ਦਿਲਚਸਪ ਗੱਲ ਹੈ ਕਿ ਹਰ ਸਾਲ ਮੋਹਾਲੀ ਦੀ ਕਾਰਗੁਜ਼ਾਰੀ ਗੇਠਲੇ ਪੱਥਰ ਵੱਲ ਜਾ ਰਹੀ ਹੈ। ਪਿਹਲੇ ਸਥਾਨ ‘ਤੇ ਰਹਿਣ ਵਾਲਾ ਮੋਹਾਲੀ ਇਸ ਵਾਰ ਚੌਥੇ ਸਥਾਨ ‘ਤੇ ਪਹੁੰਚ ਗਿਆ ਹੈ।