ਜਲੰਧਰ: ਬੀਤੇ ਸਾਲ 14 ਸਤੰਬਰ ਨੂੰ ਮਕਸੂਦਾਂ ਥਾਣੇ ਵਿੱਚ ਹੋਏ ਚਾਰ ਬੰਬ ਧਮਾਕਿਆਂ ਦੇ ਮਾਮਲੇ ‘ਚ ਕੌਮੀ ਜਾਂਚ ਏਜੇਂਸੀ (NIA) ਨੇ ਆਮਿਰ ਨਜ਼ੀਰ ਨਾਂ ਦੇ ਇੱਕ ਅਰੋਪੀ ਨੂੰ ਕਸ਼ਮੀਰ ਦੇ ਪੁਲਵਾਮਾ ਤੋਂ ਗ੍ਰਿਫ਼ਤਾਰ ਕੀਤਾ ਹੈ। ਆਰੋਪੀ ਜ਼ਾਕਿਰ ਮੂਸਾ ਦੀ ਜਥੇਬੰਦੀ ਅੰਸਾਰ ਗ਼ਜ਼ਵਾਤ ਉਲ ਹਿੰਦ ਨਾਲ ਜੁੜਿਆ ਹੈ।
NIA ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਗ੍ਰਿਫ਼ਤਾਰ ਹੋਏ ਆਰੋਪੀ ਦਾ ਬੰਬਾਂ ਦੀ ਡਿਲੀਵਰੀ ‘ਚ ਮੁੱਖ ਭੂਮਿਕਾ ਸੀ। ਇਹ ਹੋਰ ਆਰੋਪੀਆਂ ਤੇ ਜ਼ਾਕਿਰ ਮੂਸਾ ‘ਚ ਲਿੰਕ ਬਣਾਉਣ ਦਾ ਕੰਮ ਕਰਦਾ ਸੀ। ਗ੍ਰਿਫ਼ਤਾਰ ਆਰੋਪੀ ਨੂੰ ਮੋਹਾਲੀ ਦੀ ਸਪੈਸ਼ਲ NIA ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਟ੍ਰਾੰਸਿਟ ਰਿਮਾਂਡ ਤੇ ਪੁੱਛਗਿੱਛ ਲਈ ਦਿੱਲੀ ਲਿਜਾਇਆ ਗਿਆ ਹੈ।
NIA ਵਲੋਂ ਜਾਂਚ ਕਰਨ ਤੋਂ ਪਹਿਲਾਂ ਜਲੰਧਰ ਪੁਲਿਸ ਨੇ ਇਸ ਮਾਮਲੇ ਦਾ ਖੁਲਾਸਾ ਕਰਦੇ ਹੋਏ ਫਾਜ਼ਿਲ ਅਤੇ ਸ਼ਾਹਿਦ ਨਾਂ ਦੇ ਦੋ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਦੋਵੇਂ ਜਲੰਧਰ ਦੇ ਇੱਕ ਨਿਜੀ ਕਾਲਜ ‘ਚ B.tech ਕਰ ਰਹੇ ਸਨ।
ਇਸ ਮਾਮਲੇ ਦੇ ਦੋ ਹੋਰ ਆਰੋਪੀ ਰਾਉਫ ਮੀਰ ਤੇ ਉਮਰ ਰਮਜ਼ਾਨ ਨੂੰ ਬੀਤੇ ਸਾਲ 22 ਦਸੰਬਰ ਨੂੰ ਸੁਰੱਖਿਆ ਫੋਰਸਾਂ ਨੇ ਕਸ਼ਮੀਰ ਵਿੱਚ ਹੋਏ ਐਨਕਾਊਂਟਰ ਵਿੱਚ ਮਾਰ ਦਿੱਤਾ ਸੀ।