ਅੰਮ੍ਰਿਤਸਰ: ਸਥਾਨਕ ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਅੱਜ ਹਾਊਸ ਦੀ ਮੀਟਿੰਗ ਤੋਂ ਬਾਅਦ ਅੰਮ੍ਰਿਤਸਰ ਨਗਰ ਨਿਗਮ ਦਾ 416 ਕਰੋੜ ਦਾ ਬਜਟ ਪਾਸ ਕੀਤਾ ਗਿਆ। ਕਮਿਸ਼ਨਰ ਨੇ ਦੱਸਿਆ ਕਿ 416 ਕਰੋੜ ਦਾ ਬਜਟ ਪੇਸ਼ ਕੀਤਾ ਗਿਆ ਹੈ ਜਿਸ ਨਾਲ ਸ਼ਹਿਰ ਦੇ ਵਿਕਾਸ ਕਾਰਜ ਹੋਣਗੇ ਤੇ ਜੇਕਰ ਸਰਕਾਰ ਵੱਲੋਂ ਹੋਰ ਫੰਡ ਮੁੱਹਈਆ ਕਰਾਏ ਜਾਣਗੇ ਤਾਂ ਵਿਕਾਸ ਕੰਮਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ।


ਸ਼ਹਿਰ ਦੀ ਖਰਾਬ ਵਿਵਸਥਾ ਤੇ ਅਫਸਰਾਂ ਦੇ ਗਲਤ ਵਤੀਰੇ ਬਾਰੇ ਪੁੱਛਣ ’ਤੇ ਕਮਿਸ਼ਨਰ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਸਿਰਫ ਬਜਟ ਦੇ ਲਈ ਹੀ ਰੱਖੀ ਗਈ ਸੀ। ਚੋਣ ਜ਼ਾਬਤਾ ਲੱਗਾ ਹੋਣ ਕਰਕੇ ਉਹ ਹੋਰ ਕਿਸੇ ਵੀ ਵਿਸ਼ੇ ’ਤੇ ਗੱਲਬਾਤ ਨਹੀਂ ਕਰ ਸਕਦੇ। ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਵੀ ਚੋਣ ਜ਼ਾਬਤੇ ਦਾ ਬਹਾਨਾ ਲਾ ਕੇ ਸਿਰਫ ਇੰਨਾ ਹੀ ਕਿਹਾ ਕਿ 2019-20 ਦਾ 416 ਕਰੋੜ ਦਾ ਬਜਟ ਪਾਸ ਕੀਤਾ ਗਿਆ ਜਿਸ ਨਾਲ ਸ਼ਹਿਰ ਦਾ ਵਿਕਾਸ ਕਾਰਜ ਹੋਵੇਗਾ।

ਇਸ ਮੌਕੇ ਭਾਜਪਾ ਦੇ ਕੌਂਸਲਰ ਅਮਨ ਐਰੀ ਨੇ ਇਸ ਬਜਟ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਕਿ ਇਹ ਸਿਰਫ ਜਨਤਾ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਕਿ ਇਸ ਬਜਟ ਨਾਲ ਸ਼ਹਿਰ ਦਾ ਵਿਕਾਸ ਹੋਵੇਗਾ ਕਿਉਂਕਿ ਪਿਛਲੇ ਸਾਲ ਜੋ ਬਜਟ ਪੇਸ਼ ਕੀਤਾ ਗਿਆ ਸੀ ਉਸ ਵਿੱਚ ਜੋ ਟੀਚੇ ਮਿੱਥੇ ਗਏ, ਉਸ ਵਿੱਚੋਂ ਕੇਵਲ 40 ਫੀਸਦੀ ਹੀ ਕੰਮ ਹੋਏ ਹਨ।

ਐਰੀ ਨੇ ਕਿਹਾ ਕਿ ਇਸ ਵਾਰ ਉਸ ਤੋਂ ਵੀ ਵਧਾ ਕੇ ਬਜ਼ਟ ਪੇਸ਼ ਕੀਤਾ ਗਿਆ ਹੈ ਪਰ ਪਿਛਲੇ ਇੱਕ ਸਾਲ ਵਿੱਚ ਜੋ ਸੀਵਰੇਜ ਦੀ ਪਾਈਪ ਲਾਈਨ ਵਿਛਾਈ ਗਈ ਹੈ, ਉਹ ਬੰਦ ਪਈ ਹੈ ਤੇ ਸੜਕਾਂ ਦੇ ਹਾਲਾਤ ਵੀ ਬਦਤਰ ਹਨ। ਉਨ੍ਹਾਂ ਦੱਸਿਆ ਕਿ ਸੀਵਰੇਜ ਤੇ ਚੈਂਬਰ ਪ੍ਰਣਾਲੀ ਬੰਦ ਹੋਣ ਕਾਰਨ ਆਉਣ ਵਾਲੀ ਬਰਸਾਤ ਦੌਰਾਨ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ।