ਚੰਡੀਗੜ੍ਹ: ਪੰਜਾਬ ਸਰਕਾਰ (Punjab Government) ਦੇ 50 ਦਿਨ ਪੂਰੇ ਹੋਣ 'ਤੇ ਭਗਵੰਤ ਮਾਨ (Bhagwant Mann) ਨੇ ਬਿਆਨ ਜਾਰੀ ਕਰਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ 26454 ਨੌਕਰੀ ਦਾ ਨੋਟੀਫਿਕੇਸ਼ਨ (Recruitment Notification) ਅੱਜ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਇਆ ਹੈ। ਡਿਗਰੀ ਦੇ ਹਿਸਾਬ ਨਾਲ ਨੌਕਰੀ ਮਿਲੇਗੀ, ਸਿਫ਼ਾਰਸ਼ ਤੇ ਰਿਸ਼ਵਤਖੋਰੀ ਨਹੀਂ ਚੱਲੇਗੀ। ਸਰਕਾਰ ਵੱਲੋਂ ਪੂਰੀ ਪਾਰਦਰਸ਼ਤਾ ਨਾਲ ਭਰਤੀ ਕੀਤੀ ਜਾਵੇਗੀ।






ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਪ੍ਰਾਈਵੇਟ ਤੇ ਸਰਕਾਰੀ ਨੌਕਰੀਆਂ ਉਪਲਬਧ ਹੋਣਗੀਆਂ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੈਂ ਜੋ ਵੀ ਫੈਸਲਾ ਲਵਾਂਗਾ, ਜਨਤਾ ਦੇ ਹੱਕਾਂ ਲਈ ਫੈਸਲਾ ਲਵਾਂਗਾ। ਆਉਣ ਵਾਲੇ ਬਜਟ ਸੈਸ਼ਨ ਵਿੱਚ ਹੋਰ ਵੀ ਚੰਗੀਆਂ ਖ਼ਬਰਾਂ ਆਉਣਗੀਆਂ।


ਭਗਵੰਤ ਮਾਨ ਸਰਕਾਰ ਨੇ ਇੱਕ ਹੋਰ ਵਾਅਦਾ ਪੂਰਾ ਕਰਦਿਆਂ 26,454 ਨੌਕਰੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਇਸ਼ਤਿਹਾਰ ਵਿੱਚ ਨੌਕਰੀ ਲਈ ਅਰਜ਼ੀ ਦੇਣ ਲਈ ਪੋਰਟਲ ਉਪਰ ਅਪਲਾਈ ਕਰਨ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਅਗਵਾਈ ਹੇਠ ਸੋਮਵਾਰ ਨੂੰ ਹੋਈ ਕੈਬਨਿਟ ਦੀ ਮੀਟਿੰਗ (Punjab Cabinet Meeting) ’ਚ ਵੱਖ-ਵੱਖ ਵਿਭਾਗਾਂ ਵਿੱਚ ਖਾਲੀ ਪਈਆਂ 26,454 ਅਸਾਮੀਆਂ ਨੂੰ ਭਰਨ ਲਈ ਹਰੀ ਝੰਡੀ ਦੇ ਦਿੱਤੀ ਗਈ ਸੀ। ਇਸ ਭਰਤੀ ਦੀ ਪ੍ਰਕਿਰਿਆ ਹੁਣ ਸ਼ੁਰੂ ਕਰ ਦਿੱਤੀ ਗਈ ਹੈ।


ਸਰਕਾਰ ਨੇ ਗ੍ਰਹਿ ਮਾਮਲੇ ਤੇ ਨਿਆਂ ਤੇ ਸਿੱਖਿਆ ਦੇ ਖੇਤਰ ਵਿੱਚ ਸਭ ਤੋਂ ਵੱਧ ਅਸਾਮੀਆਂ ਭਰਨ ਨੂੰ ਤਰਜੀਹ ਦਿੱਤੀ ਹੈ। ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵਿੱਚ 10,475, ਸਕੂਲੀ ਸਿੱਖਿਆ ਵਿੱਚ 6,452, ਬਿਜਲੀ ਵਿਭਾਗ ’ਚ 1,690, ਸਿਹਤ ਤੇ ਪਰਿਵਾਰ ਭਲਾਈ ’ਚ 2,187, ਪੇਂਡੂ ਵਿਕਾਸ ਤੇ ਪੰਚਾਇਤਾਂ ਵਿੱਚ 803, ਸਹਿਕਾਰਤਾ ਵਿੱਚ 777 ਤੇ ਤਕਨੀਕੀ ਸਿੱਖਿਆ ਵਿੱਚ 989 ਅਸਾਮੀਆਂ ਭਰੀਆਂ ਜਾਣਗੀਆਂ।


ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ’ਚ 67, ਪਸ਼ੂ ਪਾਲਣ ’ਚ 218, ਕਰ ਅਤੇ ਆਬਕਾਰੀ ’ਚ 338, ਵਿੱਤ ਵਿਭਾਗ ’ਚ 446, ਜੰਗਲਾਤ ’ਚ 204, ਉਚੇਰੀ ਸਿੱਖਿਆ ਤੇ ਭਾਸ਼ਾ ’ਚ 210, ਘਰੇਲੂ ਤੇ ਸ਼ਹਿਰੀ ਵਿਕਾਸ ’ਚ 235, ਸਥਾਨਕ ਸਰਕਾਰਾਂ ਵਿੱਚ 547, ਮੈਡੀਕਲ ਸਿੱਖਿਆ ਤੇ ਖੋਜ ਵਿੱਚ 275, ਯੋਜਨਾਬੰਦੀ ’ਚ 16, ਜੇਲ੍ਹਾਂ ’ਚ 9, ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ’ਚ 8, ਵਿਗਿਆਨ ਤਕਨੀਕ ਤੇ ਵਾਤਾਵਰਣ ’ਚ 123, ਸਮਾਜਿਕ ਨਿਆਂ ’ਚ 30, ਸਮਾਜਿਕ ਸੁਰੱਖਿਆ ਵਿੱਚ 82 ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ 155 ਖਾਲੀ ਅਸਾਮੀਆਂ ਭਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ।


ਇਹ ਵੀ ਪੜ੍ਹੋ: Bhagwant Mann: ਜੇ ਮੇਰਾ ਪੈਨ ਲੋਕਾਂ ਦੇ ਹੱਕ 'ਚ ਚੱਲੇਗਾ ਤਾਂ ਮੇਰੇ ਕੋਲ ਰਹੇਗਾ, ਬਜਟ ਸੈਸ਼ਨ 'ਚ ਹੋਰ ਫੈਸਲੇ ਲਏ ਜਾਣਗੇ: ਭਗਵੰਤ ਮਾਨ