ਪਟਿਆਲਾ: ਤਨਖ਼ਾਹਾਂ ਵਿੱਚ ਕਟੌਤੀ ਬਦਲੇ ਪੱਕਾ ਕਰਨ ਦਾ ਵਿਰੋਧ ਕਰ ਰਹੇ ਅਧਿਆਪਕਾਂ ਦੇ 21 ਅਕਤੂਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੇ ਪ੍ਰੋਗਰਾਮ ਦੇ ਮੱਦੇਨਜ਼ਰ ਮੋਤੀ ਮਹਿਲ ਦੀ ਸੁਰੱਖਿਆ ਲਈ ਪੰਜ ਹਜ਼ਾਰ ਪੁਲਿਸ ਮੁਲਾਜ਼ਮਾਂ ਦਾ ਪ੍ਰਬੰਧ ਕੀਤਾ ਗਿਆ ਹੈ। ਪੁਲਿਸ ਨੇ ਅਹਿਮ ਥਾਵਾਂ ’ਤੇ ਬੀਤੀ ਰਾਤ ਤੋਂ ਹੀ ਮੋਰਚੇ ਸੰਭਾਲੇ ਹੋਏ ਹਨ ਅਤੇ ਸ਼ਹਿਰ ਦੇ ਬਾਹਰ ਹੀ ਮੁੱਖ ਸੜਕਾਂ ’ਤੇ ਨਾਕੇ ਲਾਏ ਹਨ।


ਮੋਤੀ ਮਹਿਲ ਦੀ ਸੁਰੱਖਿਆ ਲਈ ਛੇ ਐੱਸਪੀ, 16 ਡੀਐੱਸਪੀ ਤੇ 35 ਇੰਸਪੈਕਟਰਾਂ ਸਮੇਤ ਚਾਰ ਹਜ਼ਾਰ ਪੁਲੀਸ ਮੁਲਾਜ਼ਮ ਤਾਇਨਾਤ ਰਹਿਣਗੇ। ਕਮਾਂਡੋ ਫੋਰਸ, ਆਰਪੀਐਫ, ਘੋੜ ਸਵਾਰ ਤੇ ਮਹਿਲਾ ਪੁਲਿਸ ਸਮੇਤ ਅੱਥਰੂ ਗੈਸ, ਜਲ ਤੋਪਾਂ ਤੇ ਸੀਸੀਟੀਵੀ ਕੈਮਰਿਆਂ ਵਾਲੀਆਂ ਵੈਨਾਂ ਦਾ ਵੀ ਉਚੇਚਾ ਪ੍ਰਬੰਧ ਹੈ।

ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਕਰ ਰਹੇ ਹਨ। ਐੱਸਪੀ ਕੇਸਰ ਸਿੰਘ ਧਾਲੀਵਾਲ ਨੇ ਮੰਨਿਆ ਕਿ ਸ਼ਹਿਰ ਦੇ ਬਾਹਰ ਮੁੱਖ ਸੜਕਾਂ ’ਤੇ ਨਾਕੇਬੰਦੀ ਕੀਤੀ ਜਾ ਰਹੀ ਹੈ। ਘਿਰਾਓ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਕਿਸਾਨ ਯੂਨੀਅਨ ਡਕੌਂਦਾ ਨੇ ਸ਼ਨੀਵਾਰ ਤਿਆਰੀ ਮੀਟਿੰਗ ਵੀ ਕੀਤੀ। ਯੂਨੀਅਨ ਆਗੂ ਸੁੱਚਾ ਸਿੰਘ ਡਕੌਂਦਾ ਦਾ ਕਹਿਣਾ ਸੀ ਕਿ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਸਮੇਤ ਸੈਂਕੜੇ ਕਿਸਾਨ ਅਧਿਆਪਕਾਂ ਦਾ ਸਾਥ ਦੇਣਗੇ।

ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਹਜ਼ਾਰਾਂ ਕਿਸਾਨਾਂ ਦੇ ਸ਼ਾਮਲ ਹੋਣ ਦੀ ਗੱਲ ਆਖੀ। ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਪੰਜਾਬ ਕਿਸਾਨ ਯੂਨੀਅਨ ਨੇ ਵੀ ਘਿਰਾਓ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।

ਉੱਧਰ, ਪੰਜਾਬ ਤੇ ਯੂਟੀ ਜੁਆਇੰਟ ਐਕਸ਼ਨ ਕਮੇਟੀ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਸਾਂਝਾ ਮੁਲਾਜ਼ਮ ਮੰਚ, ਪੰਜਾਬ ਤੇ ਯੂ.ਟੀ ਮੁਲਾਜ਼ਮ ਸੰਘਰਸ਼ ਕਮੇਟੀ ਅਤੇ ਕਰ ਤੇ ਆਬਕਾਰੀ ਵਿਭਾਗ ਦੇ ਮੁਲਾਜ਼ਮਾਂ ਦੀ ਜਥੇਬੰਦੀ ਸਮੇਤ ਪੰਜਾਬ ਏਟਕ ਨਾਲ ਸਬੰਧਤ ਹਜ਼ਾਰਾਂ ਮੁਲਾਜ਼ਮ/ਸਾਥੀ ਵੀ ਪੁੱਜਣਗੇ। ਇਨ੍ਹਾਂ ਦੇ ਆਗੂਆਂ ਸੱਜਣ ਸਿੰਘ, ਦਰਸ਼ਨ ਸਿੰਘ ਲੁਬਾਣਾ, ਨਿਰਮਲ ਸਿੰਘ ਧਾਲੀਵਾਲ, ਹਰੀ ਸਿੰਘ ਟੌਹੜਾ, ਦਰਸ਼ਨ ਬੇਲੂਮਾਜਰਾ, ਸਤੀਸ਼ ਰਾਣਾ, ਸੁਖਚੈਨ ਸਿੰਘ ਖਹਿਰਾ ਤੇ ਨਛੱਤਰ ਸਿੰੰਘ ਭਾਈਰੂਪਾ ਸਮੇਤ ਬੰਤ ਸਿੰਘ ਬਰਾੜ ਆਦਿ ਨੇ ਹਜ਼ਾਰਾਂ ਮੁਲਾਜ਼ਮਾਂ ਸਮੇਤ ਪੁੱਜਣ ਦਾ ਐਲਾਨ ਕੀਤਾ ਹੈ। ਇਸ ਮੌਕੇ ਨੌਜਵਾਨ ਭਾਰਤ ਸਭਾ, ਲੋਕ ਸੰਘਰਸ਼ ਕਮੇਟੀ, ਜਮਹੂਰੀ ਅਧਿਕਾਰ ਸਭਾ, ਡੀਐਲਏ, ਦੋਧੀ ਯੂਨੀਅਨ, ਇਨਕਲਾਬੀ ਲੋਕ ਮੋਰਚਾ, ਇਸਤਰੀ ਜਾਗ੍ਰਿਤੀ ਮੰਚ ਆਦਿ ਜਥੇਬੰਦੀਆਂ ਵੀ ਪੁੱਜਣਗੀਆਂ।